ਗੁਲਾਬੀ ਸੁੰਡੀ ਤੋਂ ਅੱਕੇ ਕਿਸਾਨ ਨੇ ਤਿੰਨ ਏਕੜ ਕਣਕ ਦੀ ਫ਼ਸਲ ਵਾਹੀ

ਗੁਲਾਬੀ ਸੁੰਡੀ ਤੋਂ ਅੱਕੇ ਕਿਸਾਨ ਨੇ ਤਿੰਨ ਏਕੜ ਕਣਕ ਦੀ ਫ਼ਸਲ ਵਾਹੀ

ਬਰਨਾਲਾ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਗੁੰਮਟੀ ਵਿਖੇ ਕਿਸਾਨ ਵੱਲੋਂ ਆਪਣੇ ਖੇਤ ’ਚ ਬੀਜੀ ਕਣਕ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਮਜ਼ਬੂਰੀ ਵੱਸ ਪੈਲੀ ਵਾਹੀ ਜਾਣ ਦਾ ਮਾਮਲਾ ਸਾਹਮਣੇ ਆਇਆ। ਕਿਸਾਨ ਬਲਵਿੰਦਰ ਸਿੰਘ ਗੁੰਮਟੀ ਨੇ ਆਪਣੇ ਖੇਤ ਟਿੱਬਾ ਰੋਡ ’ਤੇ ਤਿੰਨ ਏਕੜ ਕਣਕ ਦੀ ਫਸਲ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਹੋਣ ਕਾਰਨ ਵਾਹ ਦਿੱਤੀ ਹੈ। ਹੁਣ ਦੁਬਾਰਾ ਬੀਜਣ ਲਈ ਡੀਏਪੀ ਖਾਦ ਨਹੀਂ ਮਿਲਿਆ। ਇਸ ਮੌਕੇ ਖੇਤੀਬਾੜੀ ਟੈਕਨੋਲਜੀ ਮੈਨੇਜਰ ਅਮਰਿੰਦਰ ਸਿੰਘ ਨੇ ਕਿਹਾ ਕਿ ਕਣਕ ਦੀ ਫਸਲ ਨੂੰ ਗੁਲਾਬੀ ਸੁੰਡੀ ਤੋਂ ਬਚਾਉਣ ਲਈ ਮਹਿਕਮੇ ਵੱਲੋਂ ਸਰਵੇਖਣ ਕੀਤਾ ਜਾ ਰਿਹਾ ਹੈ ਤੇ ਕਿਸਾਨਾਂ ਨੂੰ ਪਾਣੀ ਦੇ ਨਾਲ ਦਵਾਈ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਰੋਗ ਕਣਕ ਦੀ ਅਗੇਤੀ ਬਿਜਾਈ ਵਾਲੇ ਖੇਤਾਂ ’ਚ ਵਧੇਰੇ ਦਿਖਾਈ ਦੇ ਰਿਹਾ ਹੈ। ਖੇਤੀ ਮਾਹਿਰਾਂ ਅਨੁਸਾਰ ਝੋਨੇ ਦੀ ਰਹਿੰਦ-ਖੂੰਹਦ ’ਚ ਇਹ ਗੁਲਾਬੀ ਸੁੰਡੀ ਪਨਪਦੀ ਤੇ ਗਰਮ ਤਾਪਮਾਨ ’ਚ ਵਧੇਰੇ ਪ੍ਰਫੁਲਤ ਹੁੰਦੀ ਹੈ। ਦੂਜੇ ਪਾਸੇ ਕਿਸਾਨਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਝੋਨੇ ਦੀ ਕਟਾਈ ਮਸ਼ੀਨਾਂ ਨਾਲ ਕਰਵਾਉਣ ਤੇ ਕਣਕ ਦੀ ਸਿੱਧੀ ਬਿਜਾਈ ਕਰਨ ਦਾ ਖਮਿਆਜ਼ਾ ਭੁਗਤਣਾ ਪਿਆ। ਇਸ ਮੌਕੇ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਦੇ ਸੂਬਾ ਆਗੂ ਚੌਧਰੀ ਬਹਾਦਰ ਸਿੰਘ, ਕਿਸਾਨ ਹਰਜਿੰਦਰ ਸਿੰਘ ਗੁੰਮਟੀ, ਕਿਸਾਨ ਆਗੂ ਨਿਰਮਲ ਸਿੰਘ ਨੇ ਕਿਹਾ ਕਿ ਝੋਨੇ ਦੀ ਪਰਾਲੀ ਕਰਕੇ ਕਣਕ ਨੂੰ ਗੁਲਾਬੀ ਸੁੰਡੀ ਲੱਗੀ ਹੈ, ਜਿਸ ਕਾਰਨ ਕਿਸਾਨਾਂ ਨੂੰ ਮਹਿੰਗੀਆਂ ਦਵਾਈਆਂ ਤੇ ਸਮੇਂ ਤੋਂ ਪਹਿਲਾਂ ਹੀ ਕਣਕ ਨੂੰ ਪਾਣੀ ਲਾਉਣ ਲਈ ਮਜ਼ਬੂਰ ਹੈ। ਉਨ੍ਹਾਂ ਸਰਕਾਰ ਤੋਂ ਕਿਸਾਨਾਂ ਦੀ ਖੇਤ ’ਚ ਬੀਜੀ ਕਣਕ ਦੀ ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਬਲਾਕ ਖਜਾਨਚੀ ਨਾਹਰ ਸਿੰਘ ਗੁੰਮਟੀ ਤੇ ਨਿਸ਼ਾਨ ਸਿੰਘ ਗੁੰਮਟੀ ਨੇ ਕਿਹਾ ਕਿ ਝੋਨੇ ਦੀ ਪਰਾਲੀ ਦਾ ਨਾੜ ਹੀ ਗੁਲਾਬੀ ਸੁੰਡੀ ਦਾ ਸੁਰੱਖਿਆ ਕਵਚ ਹੈ। ਕਿਸਾਨ ਆਗੂ ਨੇ ਕਿਹਾ ਕਿ ਅਜਿਹੀਆਂ ਮੁਸ਼ਕਿਲਾਂ ਤੋਂ ਬਚਣ ਖਾਤਰ ਹੀ ਕਿਸਾਨ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਂਦੇ ਹਨ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਪੀੜਤ ਕਿਸਾਨ ਨੂੰ ਬਣਦਾ ਯੋਗ ਮੁਆਵਜਾ ਦਿੱਤਾ ਜਾਵੇ।