ਯੁੱਧ ਨਸ਼ਿਆਂ ਵਿਰੁੱਧ' : ਸੁਨਾਮ ਊਧਮ ਸਿੰਘ ਵਾਲਾ ’ਚ ਨਸ਼ਾ ਤਸਕਰ ਦੇ ਘਰ ’ਤੇ ਚੱਲਿਆ ਪੀਲਾ ਪੰਜਾ

ਯੁੱਧ ਨਸ਼ਿਆਂ ਵਿਰੁੱਧ' : ਸੁਨਾਮ ਊਧਮ ਸਿੰਘ ਵਾਲਾ ’ਚ ਨਸ਼ਾ ਤਸਕਰ ਦੇ ਘਰ ’ਤੇ ਚੱਲਿਆ ਪੀਲਾ ਪੰਜਾ
ਸੰਗਰੂਰ : ਪੰਜਾਬ ਸਰਕਾਰ ਵੱਲੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਜੰਗੀ ਪੱਧਰ 'ਤੇ ਜਾਰੀ ਹੈ । ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਪੁਲਿਸ ਤੇ ਪ੍ਰਸ਼ਾਸਨ ਨੇ ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਵਿਖੇ ਇੱਕ ਹੋਰ ਨਸ਼ਾ ਤਸਕਰ ਦੁਆਰਾ ਮਾਰਕੀਟ ਕਮੇਟੀ ਦੀ ਜ਼ਮੀਨ 'ਤੇ ਕੀਤੀ ਗਈ ਨਜਾਇਜ਼ ਉਸਾਰੀ ਨੂੰ ਢਾਹੁੰਦੇ ਹੋਏ ਨਸ਼ਿਆਂ ਦੇ ਮਾੜੇ ਕਾਰੋਬਾਰ ਨਾਲ ਜੁੜੇ ਹੋਏ ਵਿਅਕਤੀਆਂ ਨੂੰ ਇਹ ਸਖ਼ਤ ਤੇ ਸਪੱਸ਼ਟ ਸੁਨੇਹਾ ਦਿੱਤਾ ਗਿਆ ਕਿ ਪੰਜਾਬ ਸਰਕਾਰ ਇਸ ਕੁਰੀਤੀ ਦਾ ਮੁਕੰਮਲ ਸਫਾਇਆ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਸ ਮੌਕੇ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੌਕੇ 'ਤੇ ਮੌਜੂਦ ਐਸ.ਪੀ ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਨਸਿ਼ਆਂ ਦੇ ਖਿਲਾਫ ਜੀਰੋ ਟੋਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਅਤੇ ਨਸ਼ਾ ਤਸਕਰਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰ ਵੱਲੋਂ ਸਰਕਾਰੀ ਜ਼ਮੀਨ ਉਤੇ ਕੀਤੇ ਨਜਾਇਜ਼ ਕਬਜ਼ੇ ਨੂੰ ਤੋੜਨ ਦੀ ਕਾਰਵਾਈ ਦੌਰਾਨ ਪੁਲਿਸ ਵੱਲੋਂ ਅਮਨ ਤੇ ਕਾਨੂੰਨ ਦੀ ਸਥਿਤੀ ਕਾਇਮ ਰੱਖੀ ਗਈ ਅਤੇ ਨਗਰ ਕੌਂਸਲ ਰਾਹੀਂ ਇਸ ਨਜ਼ਾਇਜ਼ ਉਸਾਰੀ ਨੂੰ ਢਾਹੁਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। 

ਐਸ.ਪੀ. ਵਿਰਕ ਨੇ ਕਿਹਾ ਕਿ ਜਿਹੜੇ ਨੌਜਵਾਨ ਨਸ਼ਾ ਛੱਡ ਕੇ ਚੰਗੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ, ਉਹ ਅੱਗੇ ਆਉਣ ਅਤੇ ਪੰਜਾਬ ਸਰਕਾਰ ਉਹਨਾਂ ਦੀ ਹਰ ਸੰਭਵ ਮਦਦ ਕਰੇਗੀ। ਇਸ ਸਬੰਧੀ ਜ਼ਿਲ੍ਹੇ ਵਿੱਚ ਸਰਕਾਰੀ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਕਾਰਜਸ਼ੀਲ ਹਨ।  ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੇ ਸੂਬੇ ਦੀ ਜਵਾਨੀ ਨੂੰ ਕੁਰਾਹੇ ਪਾਇਆ ਹੈ ਅਤੇ ਪੰਜਾਬ ਸਰਕਾਰ ਜਵਾਨੀ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹੈ। ਉਨ੍ਹਾਂ ਕਿਹਾ ਕਿ "ਯੁੱਧ ਨਸ਼ਿਆਂ ਵਿਰੁੱਧ ਮੁਹਿੰਮ" ਨਿਰੰਤਰ ਜਾਰੀ ਰਹੇਗੀ ਅਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।

#WarAgainstDrugs  #PunjabAntiDrugCampaign  #FightAgainstDrugTrafficking  #SunamAction  #DrugFreePunjab  #StopDrugAbuse  #PeelaPanja