ਸਿੱਖਿਆ ਵਿਭਾਗ ਦੇ 6 ਅਧਿਕਾਰੀਆਂ ਸਮੇਤ 7 ਖਿਲਾਫ਼ ਕੇਸ ਦਰਜ

ਸਿੱਖਿਆ ਵਿਭਾਗ ਦੇ 6 ਅਧਿਕਾਰੀਆਂ ਸਮੇਤ 7 ਖਿਲਾਫ਼ ਕੇਸ ਦਰਜ

ਫਰੀਦਕੋਟ : ਫਰੀਦਕੋਟ ਦੇ ਪਿੰਡ ਘੁਗਿਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਗਰਾਂਟਾਂ ਦੀ ਹੇਰ ਫੇਰ ਅਤੇ ਰਿਕਾਰਡ ਨਾਲ ਛੇੜਛਾੜ ਕਰਨ ਦੇ ਮਾਮਲੇ ’ਚ ਪੁਲਿਸ ਨੇ ਸਿੱਖਿਆ ਵਿਭਾਗ ਦੇ 6 ਅਧਿਕਾਰੀਆਂ ਸਮੇਤ ਕੁੱਲ ਸੱਤ ਲੋਕਾਂ ਦੇ ਖਿਲਾਫ਼ ਥਾਣਾ ਸਦਰ ਵਿਖੇ ਧੋਖਾਧੜੀ ਅਤੇ ਜਾਲਸਾਜ਼ੀ ਦਾ ਮੁਕੱਦਮਾ ਦਰਜ ਕੀਤਾ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਪੂਰਾ ਮਾਮਲਾ ਸਾਲ 2019 ਨਾਲ ਸੰਬੰਧਿਤ ਹੈ ਅਤੇ ਇਸ ਮਾਮਲੇ ’ਚ ਸਾਦਿਕ ਦੇ ਰਹਿਣ ਵਾਲੇ ਰਾਜਵੀਰ ਸਿੰਘ ਬਰਾੜ ਨਾਮਕ ਵਿਅਕਤੀ ਵੱਲੋਂ ਸਿੱਖਿਆ ਵਿਭਾਗ ਨੂੰ ਸ਼ਿਕਾਇਤ ਦਿੱਤੀ ਗਈ ਸੀ।

ਕਈ ਵਾਰ ਪੜਤਾਲ ਹੋਣ ਤੋਂ ਬਾਅਦ ਇਸ ਮਾਮਲੇ ’ਚ ਸੈਂਟਰ ਹੈਡ ਟੀਚਰ ਜਸਕੇਵਲ ਸਿੰਘ ਤੋਂ ਇਲਾਵਾ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਧੰਨਾ ਸਿੰਘ ਦਿਓਲ, ਜ਼ਿਲ੍ਹਾ ਸਿੱਖਿਆ ਵਿਭਾਗ ਦਫ਼ਤਰ ਦੇ ਸੀਨੀਅਰ ਸਹਾਇਕ ਸੁਖਜਿੰਦਰ ਸਿੰਘ ਅਤੇ ਤਿੰਨ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਰਾਜਵਿੰਦਰ ਕੌਰ, ਵਰਿੰਦਰ ਕੁਮਾਰ, ਸੁਧਾ ਤੋਂ ਇਲਾਵਾ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਨਛੱਤਰ ਸਿੰਘ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।

ਜਾਣਕਾਰੀ ਦੇ ਮੁਤਾਬਕ ਸਾਦਿਕ ਨਿਵਾਸੀ ਰਾਜਵੀਰ ਸਿੰਘ ਬਰਾੜ ਵੱਲੋਂ ਘੁਗਿਆਣਾ ਦੇ ਉਕਤ ਸਰਕਾਰੀ ਸਕੂਲ ਤੋਂ ਆਰਟੀਆਈ ਐਕਟ ਦੇ ਤਹਿਤ ਇਕ ਜਾਣਕਾਰੀ ਮੰਗੀ ਸੀ। ਜਿਸ ਤੋਂ ਬਾਅਦ ਇਸ ਮਾਮਲੇ ਦਾ ਖੁਲਾਸਾ ਹੋਇਆ ਜਿਸ ’ਚ ਨਾ ਸਿਰਫ ਸਕੂਲ ’ਚ ਸਰਕਾਰੀ ਗਰਾਂਟ ਦੀ ਦੁਰਵਰਤੋਂ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਬਲਕਿ ਸਰਕਾਰੀ ਰਿਕਾਰਡ ਵਿੱਚ ਵੀ ਛੇੜਛਾੜ ਕੀਤੇ ਜਾਣ ਦੀ ਪੁਸ਼ਟੀ ਹੋਈ। ਇਸ ਪੂਰੇ ਮਾਮਲੇ ’ਚ ਸਿੱਖਿਆ ਵਿਭਾਗ ਦੀ ਸਿਫਾਰਿਸ਼ ਅਤੇ ਪੁਲਿਸ ਨੇ ਆਪਣੀ ਪੜਤਾਲ ਤੋਂ ਬਾਅਦ ਥਾਣਾ ਸਦਰ ਵਿਖੇ ਮੁਕਦਮਾ ਦਰਜ ਕੀਤਾ ਹੈ।

ਇਸ ਪੂਰੇ ਮਾਮਲੇ ’ਚ ਜ਼ਿਲ੍ਹਾ ਸਿੱਖਿਆ ਅਫ਼ਸਰ ਫਰੀਦਕੋਟ ਅੰਜਨਾ ਕੌਸ਼ਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਨੇ ਪੁਲਿਸ ਨੂੰ ਕਾਰਵਾਈ ਲਈ ਸਿਫਾਰਿਸ਼ ਕੀਤੀ ਸੀ ਪਰ ਹਾਲੇ ਤੱਕ ਉਹਨਾਂ ਕੋਲ ਇਸ ਸਬੰਧ ’ਚ ਐਫਆਈਆਰ ਦਰਜ ਹੋਣ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। 

ਉਧਰ ਦੂਜੇ ਪਾਸੇ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਤੇ ਪੜਤਾਲ ਤੋਂ ਬਾਅਦ ਪੁਲਿਸ ਦੀ ਕੁੱਲ ਸੱਤ ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।