ਗੈਰ-ਕਾਨੂੰਨੀ ਉਸਾਰੀ ਲਈ ਨਿਗਮ ਨੇ ਕੀਤੀ ਸਖਤ ਕਾਰਵਾਈ - ਦਰਜਨ ਭਰ ਨਾਜਾਇਜ਼ ਉਸਾਰੀਆਂ 'ਤੇ ਚਿਪਕਾਏ ਨੋਟਿਸ

ਗੈਰ-ਕਾਨੂੰਨੀ ਉਸਾਰੀ ਲਈ ਨਿਗਮ ਨੇ ਕੀਤੀ ਸਖਤ ਕਾਰਵਾਈ - ਦਰਜਨ ਭਰ ਨਾਜਾਇਜ਼ ਉਸਾਰੀਆਂ 'ਤੇ ਚਿਪਕਾਏ ਨੋਟਿਸ

ਪਠਾਨਕੋਟ : ਨਗਰ ਨਿਗਮ ਪਠਾਨਕੋਟ ਵੱਲੋਂ ਹਮੇਸ਼ਾ ਹੀ ਸਮੇਂ- ਸਮੇਂ ’ਤੇ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਸਖ਼ਤ ਰੁਖ਼ ਅਖ਼ਤਿਆਰ ਕੀਤਾ ਜਾਂਦਾ ਹੈ। ਇਸ ਤਹਿਤ ਜ਼ਿਲ੍ਹਾ ਡਿਪਟੀ ਕਮਿਸ਼ਨਰ ਕਮ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਏਟੀਪੀ ਸੁਖਦੇਵ ਵਸ਼ਿਸ਼ਟ ਨੇ ਬਿਨਾਂ ਮਨਜ਼ੂਰੀ ਤੋਂ ਉਸਾਰੀ ਕਰਨ ਵਾਲੇ ਬਿਲਡਿੰਗ ਮਾਲਕਾਂ ਨੂੰ ਨੋਟਿਸ ਭੇਜ ਕੇ ਉਨ੍ਹਾਂ ਦੇ ਉਸਾਰੀ ਕੰਮਾਂ ਤੇ ਨੋਟਿਸ ਚਿਪਕਾਏ ਹਨ। ਪਠਾਨਕੋਟ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਨੇ ਜ਼ੋਨ-4 ਵਿੱਚ ਕਰੀਬ ਇੱਕ ਏਕੜ ਗੈਰ-ਕਾਨੂੰਨੀ ਕਲੋਨੀ ਦੀਆਂ ਛੇ ਕਮਰਸ਼ੀਅਲ ਬਿਲਡਿੰਗਾਂ ਨੂੰ ਅਤੇ ਘੁੰਮਣ ਮਾਰਕੀਟ ਦੇ ਪਿੱਛੇ ਚਾਰ ਕਮਰਸ਼ੀਅਲ ਬਿਲਡਿੰਗਾਂ ਵਿੱਚ ਉਸਾਰੀਆਂ ਨੂੰ ਨੋਟਿਸ ਦਿੱਤਾ ਗਿਆ ਹੈ। ਐਮਟੀਪੀ ਨਰਿੰਦਰ ਕੁਮਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ ਜੇਕਰ ਨਿਰਮਾਣ ਕੰਮਾਂ ਦੇ ਲਈ ਨਗਰ ਨਿਗਮ ਤੋਂ ਮਨਜ਼ੂਰੀ ਲਈ ਜਾਂਦੀ ਹੈ ਤੇ ਨਕਸ਼ੇ ਅਨੁਸਾਰ ਉਸਾਰੀ ਕੀਤੀ ਜਾਂਦੀ ਹੈ, ਪਰ ਜੇਕਰ ਨਿਗਮ ਨੂੰ ਨਜਾਇਜ਼ ਉਸਾਰੀ ਦੀ ਸ਼ਿਕਾਇਤ ਮਿਲਦੀ ਹੈ ਤਾਂ ਉਸ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਜ਼ੋਨ-4 ਵਿੱਚ ਕੀਤੀ ਗਈ ਕਾਰਵਾਈ ਦੀ ਪੁਸ਼ਟੀ ਕਰਦਿਆਂ ਏਟੀਪੀ ਸੁਖਦੇਵ ਵਸ਼ਿਸ਼ਠ ਨੇ ਦੱਸਿਆ ਕਿ ਕਰੀਬ ਇੱਕ ਏਕੜ ਦੀ ਨਾਜਾਇਜ਼ ਕਲੋਨੀ ਵਿੱਚ ਕਰੀਬ 6 ਕਮਰਸ਼ੀਅਲ ਉਸਾਰੀਆਂ ਹੋਈਆਂ ਹਨ ਅਤੇ ਉਨ੍ਹਾਂ ਉਸਾਰੀਆਂ ਤੇ ਨੋਟਿਸ ਚਿਪਕਾ ਦਿੱਤੇ ਗਏ ਹਨ ਅਤੇ ਉਨ੍ਹਾਂ ਤੋਂ ਉਸਾਰੀਆਂ ਸਬੰਧੀ ਸਾਰੀ ਜਾਣਕਾਰੀ ਮੰਗੀ ਗਈ ਹੈ। ਇਸੇ ਤਰ੍ਹਾਂ ਘੁੰਮਣ ਮਾਰਕੀਟ ਦੇ ਪਿਛਲੇ ਪਾਸੇ ਦੋ ਰਿਹਾਇਸ਼ੀ ਪਲਾਟ ਦੇ ਨਕਸ਼ੇ ਪਾਸ ਹੋਏ ਸਨ ਪਰ ਉਥੇ ਵਪਾਰਕ ਉਸਾਰੀ ਕੀਤੀ ਜਾ ਰਹੀ ਸੀ।ਫਿਨਿਸ਼ਿੰਗ ਦਾ ਕੰਮ ਚੱਲ ਰਿਹਾ ਸੀ, ਇਸ ਨੂੰ ਰੋਕ ਕੇ ਨੋਟਿਸ ਦਿੱਤਾ ਗਿਆ। ਇਸੇ ਤਰ੍ਹਾਂ ਦੋ ਹੋਰ ਕਮਰਸ਼ੀਅਲ ਉਸਾਰੀਆਂ ਨੂੰ ਵੀ ਨੋਟਿਸ ਦਿੱਤਾ ਗਿਆ ਸੀ, ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਸੀ। ਇਸੇ ਤਰ੍ਹਾਂ ਨਿਗਮ ਦੇ ਨਾਲ ਲੱਗਦੀ ਗਲੀ ਵਿੱਚ ਇੱਕ ਰਿਹਾਇਸ਼ੀ ਮਕਾਨ ਵਿੱਚ ਕਮਰਸ਼ੀਅਲ ਬਿਲਡਿੰਗ ਬਣਾਈ ਜਾ ਰਹੀ ਹੈ, ਉਸ ਦੇ ਕਮਰਸ਼ੀਅਲ ਦਸਤਾਵੇਜ਼ਾਂ ਦੀ ਜਾਂਚ ਕਰਵਾਉਣ ਲਈ ਵੀ ਦੇਰ ਸ਼ਾਮ ਨੋਟਿਸ ਦਿੱਤਾ ਗਿਆ ਕਿ ਉਹ ਕਿਸ ਆਧਾਰ ਤੇ ਰਿਹਾਇਸ਼ੀ ਮਕਾਨ ਚ ਵਪਾਰਕ ਉਸਾਰੀ ਕਰ ਰਿਹਾ ਹੈ? ਉਨ੍ਹਾਂ ਨੂੰ ਨਿਰਧਾਰਤ ਸਮੇਂ ਅੰਦਰ ਕਾਗਜ਼ ਦਿਖਾਉਣੇ ਹੋਣਗੇ। ਐਮਟੀਪੀ ਨਰਿੰਦਰ ਕੁਮਾਰ ਨੇ ਕਿਹਾ ਕਿ ਗੈਰ-ਕਾਨੂੰਨੀ ਨਿਰਮਾਣ ਕਰਨਾ ਕਾਨੂੰਨ ਅਨੁਸਾਰ ਗਲਤ ਹੈ। ਨਾਜਾਇਜ਼ ਉਸਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਪਠਾਨਕੋਟ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਨਿਰਮਾਣ ਕੰਮ ਕਰਵਾਉਣ ਤੋਂ ਪਹਿਲਾਂ ਨਕਸ਼ੇ ਪਾਸ ਕਰਵਾ ਕੇ ਹੀ ਉਸਾਰੀ ਕਰਵਾਈ ਜਾਵੇ। ਬਿਨਾਂ ਨਕਸ਼ੇ ਤੋਂ ਉਸਾਰੀ ਹੋਣ ਕਾਰਨ ਨਿਗਮ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।