ਫਾਜ਼ਿਲਕਾ ਦੇ 'ਆਪ' ਆਗੂ ਦਿੱਲੀ ਪੁਲਿਸ ਵਲੋਂ ਗ੍ਰਿਫਤਾਰ, ਵਿਧਾਇਕ ਨੇ ਛੁਡਵਾਏ
- ਦੇਸ਼
- 03 Feb,2025

ਫਾਜ਼ਿਲਕਾ : ਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ (AAP) ਲਈ ਪ੍ਰਚਾਰ ਕਰ ਰਹੇ ਫਾਜ਼ਿਲਕਾ ਦੇ 4 ਆਗੂਆਂ ਨੂੰ ਦਿੱਲੀ ਪੁਲਿਸ ਵਲੋਂ ਬਿਨਾਂ ਕਿਸੇ ਕਾਰਨ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕੀਤੇ ਗਏ ਆਗੂਆਂ ਵਿੱਚ ਹਰਮੰਦਰ ਸਿੰਘ ਬਰਾੜ, ਬਲਵਿੰਦਰ ਸਿੰਘ ਆਲਮਸ਼ਾਹ, ਬਲਜਿੰਦਰ ਸਿੰਘ (ਸਾਬਕਾ ਸਰਪੰਚ) ਅਤੇ ਸੁਖਵਿੰਦਰ ਸਿੰਘ (ਸਰਪੰਚ ਗੁਲਾਮ ਰਸੂਲ) ਸ਼ਾਮਲ ਸਨ।
ਫਾਜ਼ਿਲਕਾ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦਿੱਲੀ ਪੁਲਿਸ ਥਾਣੇ 'ਚ ਪਹੁੰਚ ਕੇ ਬੀਤੀ ਰਾਤ ਉਨ੍ਹਾਂ ਨੂੰ ਛੁਡਵਾਇਆ। ਉਨ੍ਹਾਂ ਦੱਸਿਆ ਕਿ ਇਹ ਸਾਰੇ ਆਗੂ ਕਈ ਦਿਨਾਂ ਤੋਂ ਦਿੱਲੀ 'ਚ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਚੋਣ ਪ੍ਰਚਾਰ ਵਿੱਚ ਸ਼ਾਮਲ ਸਨ।
ਭਾਜਪਾ ਦੀ ਬੌਖਲਾਹਟ – ਵਿਧਾਇਕ ਸਵਨਾ
ਵਿਧਾਇਕ ਸਵਨਾ ਨੇ ਦਿੱਲੀ ਪੁਲਿਸ ਦੀ ਗ੍ਰਿਫਤਾਰੀ 'ਤੇ ਭਾਜਪਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ, "ਭਾਜਪਾ 'ਆਪ' ਦੇ ਵੋਟ ਬੈਂਕ ਅਤੇ ਅਰਵਿੰਦ ਕੇਜਰੀਵਾਲ ਦੀ ਲੋਕਪ੍ਰਿਯਤਾ ਨੂੰ ਦੇਖ ਕੇ ਘਬਰਾ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਪੁਲਿਸ 'ਤੇ ਦਬਾਅ ਪਾ ਕੇ 'ਆਪ' ਵਰਕਰਾਂ ਨੂੰ ਬਿਨਾਂ ਕਿਸੇ ਕਾਰਨ ਹਿਰਾਸਤ 'ਚ ਲਿਆ ਜਾ ਰਿਹਾ ਹੈ।
ਉਨ੍ਹਾਂ ਨੇ ਅੱਗੇ ਕਿਹਾ, "ਭਾਜਪਾ ਦੀ ਘਬਰਾਹਟ ਇਸ ਗੱਲ ਤੋਂ ਸਾਫ਼ ਹੋ ਜਾਂਦੀ ਹੈ ਕਿ ਜਦੋਂ ਅਸੀਂ ਪੁਲਿਸ ਤੋਂ ਗ੍ਰਿਫਤਾਰੀ ਦਾ ਕਾਰਨ ਪੁੱਛਿਆ, ਤਾਂ ਉਨ੍ਹਾਂ ਨੇ ਸਿਰਫ਼ ਇਨਾ ਕਿਹਾ ਕਿ ਤੁਸੀਂ ਪੰਜਾਬ ਤੋਂ ਆਏ ਹੋ, ਇਸ ਲਈ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ ਹੈ"। ਵਿਧਾਇਕ ਨੇ ਆਲੋਚਨਾ ਕਰਦਿਆਂ ਕਿਹਾ ਕਿ "3 ਫਰਵਰੀ ਸ਼ਾਮ ਤੱਕ ਚੋਣ ਪ੍ਰਚਾਰ ਦੀ ਇਜਾਜ਼ਤ ਹੈ, ਪਰ ਭਾਜਪਾ ਆਪਣੀ ਹਾਰ ਦੇ ਡਰ ਕਾਰਨ ਅਵਾਜ਼ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀ ਹੈ"।
ਉਨ੍ਹਾਂ ਦਾਅਵਾ ਕੀਤਾ ਕਿ "ਦਿੱਲੀ ਦੇ ਲੋਕ ਭਾਜਪਾ ਦੀ ਧੱਕੇਸ਼ਾਹੀ ਨੂੰ ਸਮਝ ਰਹੇ ਹਨ, ਅਤੇ ਇਸ ਵਾਰ ਫਿਰ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਉਣ ਜਾ ਰਹੇ ਹਨ"।
ਇਸ ਮੌਕੇ ਮਨਜੋਤ ਖੇੜਾ, ਸੁਰਿੰਦਰ ਘੋਗਾ, ਸਾਜਨ ਖਰਬਾਟ ਸਮੇਤ ਹੋਰ ਆਗੂ ਵੀ ਹਾਜ਼ਰ ਸਨ।
#AAP #ArvindKejriwal #DelhiElections #Fazilka #AAPvsBJP #NarinderPalSinghSawna #PoliticalArrests #DelhiPolice #ElectionCampaign #Democracy
Posted By:

Leave a Reply