ਪੀਣਯੋਗ ਪਾਣੀ ਲਈ ਜ਼ਮੀਨ ਦੋਜ਼ ਪਾਈਪਾਂ ਦਾ ਵਿਧਾਇਕ ਨੇ ਉਦਘਾਟਨ ਕੀਤਾ
- ਪੰਜਾਬ
- 19 Dec,2024

ਬੁਢਲਾਡਾ : ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਤਹਿਤ ਪਿੰਡਾਂ ਦੇ ਲੋਕਾਂ ਨੂੰ ਸ਼ੁੱਧ ਪਾਣੀ ਦੇਣ ਦੀ ਪਹਿਲ ਕਦਮੀ ਕਰਦਿਆਂ ਪਿੰਡ ਬੱਛੋਆਣਾ ਵਿਖੇ 25 ਲੱਖ ਦੀ ਲਾਗਤ ਨਾਲ ਜ਼ਮੀਨ ਦੋਜ਼ ਪਾਇਪਾਂ ਦੀ ਯੋਜਨਾ ਦਾ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਏਡੀਸੀ ਅਕਾਸ਼ ਬਾਂਸਲ ਵੱਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਹਲਕਾ ਵਿਧਾਇਕ ਨੇ ਦੱਸਿਆ ਕਿ ਧਰਤੀ ਹੇਠਲਾ ਪਾਣੀ ਪੀਣ ਯੋਗ ਨਾ ਹੋਣ ਕਾਰਨ ਪਿੰਡ ਬੱਛੋਆਣਾ ਦੇ ਲੋਕ ਧਰਤੀ ਹੇਠਲਾ ਪਾਣੀ ਪੀਣ ਲਈ ਮਜ਼ਬੂਰ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਸ਼ੇਸ਼ ਧਿਆਨ ਦਿੰਦਿਆਂ ਰਾਜ ਸਭਾ ਮੈਂਬਰ ਵਿਕਰਮ ਸਿੰਘ ਸਾਹਨੀ ਵੱਲੋਂ ਆਪਣੇ ਫ਼ੰਡਾਂ ’ਚੋਂ 3450 ਫੁੱਟ ਜ਼ਮੀਨ ਦੋਜ਼ ਪਾਇਪ ਦਾ ਪ੍ਰੋਜੈਕਟ ਪਾਸ ਕਰਦਿਆਂ 25 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਕੇ ਪਾਣੀ ਦੀਆਂ ਪਾਇਪਾਂ ਪਾਈਆਂ ਗਈਆਂ ਹਨ, ਜਿਸ ਨਾਲ ਪਿੰਡ ਦੇ ਲੋਕਾਂ ਨੂੰ ਸਾਫ ਅਤੇ ਸ਼ੁੱਧ ਪਾਣੀ ਮੁਹੱਈਆਂ ਹੋਵੇਗਾ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਭਗਵੰਤ ਮਾਨ ਸਰਕਾਰ ਵੱਲੋਂ ਜੋ ਕਿਹਾ ਉਹ ਪੂਰ੍ਹਾ ਕਰਕੇ ਪੰਜਾਬ ਨੂੰ ਤਰੱਕੀ ਦੇ ਰਾਹ ਤੋਰਿਆ ਹੈ। ਲੋਕ ਇੱਕ ਇੱਕ ਵੋਟ ਪਾ ਕੇ ਆਮ ਆਦਮੀ ਪਾਰਟੀ ਦੇ ਹੱਥ ਮਜ਼ਬੂਤ ਕਰਨ ਲਈ ਪੱਬਾਂ ਭਾਰ ਹਨ। ਇਸ ਮੌਕੇ ਏਡੀਸੀ ਅਕਾਸ਼ ਬਾਂਸਲ ਨੇ ਕਿਹਾ ਕਿ ਸਰਕਾਰ ਦੀਆਂ ਯੋਜਨਾ ਪਿੰਡਾਂ ਦੇ ਲੋਕਾਂ ਤੱਕ ਪਹੁੰਚਾਉਣਾ ਉਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਹੈ। ਕੋਈ ਵੀ ਵਿਅਕਤੀ ਉਨ੍ਹਾਂ ਨੂੰ ਕਿਸੇ ਵੀ ਸਮੇਂ ਉਨ੍ਹਾਂ ਦੇ ਦਫ਼ਤਰ ਵਿਖੇ ਆ ਕੇ ਆਪਣੀਆਂ ਸਮੱਸਿਆਵਾਂ ਅਤੇ ਵਿਕਾਸ ਕੰਮਾਂ ਸੰਬੰਧੀ ਗੱਲਬਾਤ ਕਰ ਸਕਦਾ ਹੈ। ਪਿੰਡਾਂ ਅੰਦਰ ਆਮ ਆਦਮੀ ਪਾਰਟੀ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਸੰਤ ਰਵੀ ਸਿੰਘ ਜੀਤਸਰ ਵਾਲੇ, ਚੇਅਰਮੈਨ ਸੋਹਣਾ ਸਿੰਘ ਕਲੀਪੁਰ, ਚੇਅਰਮੈਨ ਸਤੀਸ਼ ਕੁਮਾਰ ਸਿੰਗਲਾ, ਐਕਸੀਅਨ ਮਹੇਸ਼ ਗਰਗ, ਐਸਡੀਓ ਦੀਪਕ ਕੁਮਾਰ, ਲਖਵਿੰਦਰ ਸਿੰਘ ਸੇਖੋਂ ਬੱਛੋਆਣਾ, ਪਾਰਟੀ ਪ੍ਰਧਾਨ ਮੇਜਰ ਸਿੰਘ, ਰਿੰਕੂ ਬੱਛੋਆਣਾ, ਪ੍ਰਧਾਨ ਭੂਰਾ ਸਿੰਘ, ਸਰਪੰਚ ਰਾਜ ਕੁਮਾਰ, ਪ੍ਰਗਟ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।
Posted By:

Leave a Reply