ਗੁਰਪੁਰਬ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤ ਹੋਈ ਨਤਮਸਤਕ

ਗੁਰਪੁਰਬ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤ ਹੋਈ ਨਤਮਸਤਕ

ਬਠਿੰਡਾ : ਸਮੁੱਚੇ ਸਿੱਖ ਜਗਤ ਵਾਂਗ ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਜਿੱਥੇ ਸਵੇਰ ਤੋਂ ਹੀ ਤਖਤ ਸਾਹਿਬ ਅਤੇ ਹੋਰਨਾਂ ਗੁਰਦੁਆਰਾ ਸਾਹਿਬਾਨ ’ਚ ਮੱਥਾ ਟੇਕਣ ਲਈ ਪੁੱਜੀਆਂ, ਉੱਥੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮੌਕੇ ਕਰਵਾਏ ਵਿਸ਼ਾਲ ਗੁਰਮਤਿ ਸਮਾਗਮ ’ਚ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਸਭ ਤੋਂ ਪਹਿਲਾਂ ਬੀਤੇ ਤਿੰਨ ਦਿਨਾਂ ਤੋਂ ਤਖਤ ਸਾਹਿਬ ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਪ੍ਰਕਾਸ਼ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਤਖਤ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਚੈਨ ਸਿੰਘ ਦੇ ਜਥੇ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਅਰਦਾਸ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਕੀਤੀ ਜਦੋਂਕਿ ਹੁਕਮਨਾਮਾ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਕੀਰਤਪੁਰੀ ਨੇ ਲਿਆ। ਇਸ ਮੌਕੇ ਜਿਉਂ ਹੀ ਤਖਤ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਸ ਪੁਰਾਤਨ ਦਮਦਮੀ ਬੀੜ ਦੇ ਦਰਸ਼ਨ ਕਰਵਾਏ ਜਾਣਗੇ, ਜੋ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਹਸਤ ਲਿਖਤ ਹੈ ਤਾਂ ਸੰਗਤਾਂ ਦਾ ਇਕੱਠ ਆਪ ਮੁਹਾਰੇ ਗੁਰਦੁਆਰਾ ਦਮਦਮਾ ਸਾਹਿਬ ਵੱਲ ਉਮੜ ਪਿਆ। ਦੁਪਹਿਰ ਦੋ ਵਜੇ ਤੱਕ ਸੰਗਤਾਂ ਨੂੰ ਇਸ ਪਾਵਨ ਪੁਰਾਤਨ ਬੀੜ ਦੇ ਦਰਸ਼ਨ ਕਰਵਾਏ ਗਏ। ਗੁਰਦੁਆਰਾ ਦਮਦਮਾ ਸਾਹਿਬ ਵਿਖੇ ਭੋਗ ਉਪਰੰਤ ਤਖਤ ਸਾਹਿਬ ਕੰਪਲੈਕਸ ਦੇ ਮੈਦਾਨ ਚ ਲਗਾਏ ਖੁੱਲੇ ਪੰਡਾਲ ’ਚ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਵਤਾਰ ਸਿੰਘ ਦੇ ਜਥੇ ਵੱਲੋਂ ਸ਼ਬਦ ਕੀਰਤਨ ਦਾ ਗਾਇਨ ਕੀਤਾ ਗਿਆ।ਦਮਦਮੀ ਟਕਸਾਲ ਦੇ ਕਥਾਵਾਚਕ ਗਿਆਨੀ ਜੀਵਾ ਸਿੰਘ ਵੱਲੋਂ ਕਥਾ ਵੀਚਾਰਾਂ ਰਾਹੀਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਸਿੱਖਿਆਵਾਂ ਅਤੇ ਉਨਾਂ ਵੱਲੋਂ ਖਾਲਸਾ ਪੰਥ ਦੀ ਸਾਜਨਾ ਦੇ ਇਤਹਾਸ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ ਗਿਆ। ਸ਼ਾਮ ਸਮੇਂ ਸਮਾਗਮ ਦੀ ਸਮਾਪਤੀ ਮੌਕੇ ਸੰਗਤਾਂ ਨੂੰ ਸੰਬੋਧਨ ਦੌਰਾਨ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਅਜਿਹੇ ਪਾਵਨ ਤਿਉਹਾਰਾਂ ਨੂੰ ਮਨਾਉਣਾ ਤਾਂ ਹੀ ਸਫਲ ਹੈ ਜੇਕਰ ਉਨਾਂ ਤੋਂ ਸੇਧ ਲੈ ਕੇ ਆਪਣੇ ਜੀਵਨ ਦੀ ਮਾੜੀਆਂ ਆਦਤਾਂ ਦਾ ਤਿਆਗ ਕਰਕੇ ਚੰਗੀਆਂ ਆਦਤਾਂ ਗ੍ਰਹਿਣ ਕਰਨ ਦਾ ਪ੍ਰਣ ਇਸ ਮੌਕੇ ਕੀਤਾ ਜਾਵੇ। ਇਸ ਮੌਕੇ ਤਖਤ ਸਾਹਿਬ ਪ੍ਰਬੰਧਕਾਂ ਵੱਲੋਂ ਧਾਰਮਿਕ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਸੰਗਤਾਂ ਨੂੰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਸ਼ਹੀਦ ਬਾਬਾ ਦੀਪ ਸਿੰਘ ਨਾਲ ਸਬੰਧਿਤ ਇਤਿਹਾਸਿਕ ਸ਼ਸਤਰਾਂ/ਵਸਤਰਾਂ ਦੇ ਦਰਸ਼ਨ ਕਰਵਾਏ ਗਏ। ਸਮਾਗਮਾਂ ਵਿਚ ਜਥੇਦਾਰ ਮੋਹਨ ਸਿੰਘ ਬੰਗੀ,ਜਥੇਦਾਰ ਅਮਰੀਕ ਸਿੰਘ ਕੋਟਸ਼ਮੀਰ,ਜਥੇਦਾਰ ਗੁਰਪ੍ਰੀਤ ਸਿੰਘ ਝੱਬਰ,ਭਾਈ ਸੁਰਜੀਤ ਸਿੰਘ ਰਾਏਪੁਰ,ਬੀਬੀ ਜਸਪਾਲ ਕੌਰ ਸਾਰੇ ਮੈਂਬਰ ਸ੍ਰੋਮਣੀ ਕਮੇਟੀ, ਜਥੇਦਾਰ ਅਵਤਾਰ ਸਿੰਘ ਵਣਵਾਲਾ ਮੈਂਬਰ ਧਰਮ ਪ੍ਰਚਾਰ, ਭਾਈ ਰਣਜੀਤ ਸਿੰਘ ਮੈਨੇਜ਼ਰ ਤਖਤ ਸਾਹਿਬ, ਬਾਬਾ ਕਾਕਾ ਸਿੰਘ ਮੁਖੀ ਬੁੰਗਾ ਮਸਤੂਆਣਾ, ਬਾਬਾ ਜਸਵੀਰ ਸਿੰਘ ਖਾਲਸਾ ਸੇਵਾਦਾਰ ਗੁ:ਮਾਈ ਦੇਸਾਂ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਦਰਸ਼ਨ ਸਿੰਘ ਦਾਦੂ, ਭਾਈ ਜਗਜੀਤ ਸਿੰਘ ਖਾਲਸਾ, ਸੀਨੀਅਰ ਅਕਾਲੀ ਆਗੂ ਗੁਰਬਿੰਦਰ ਸਿੰਘ, ਭਾਈ ਭੋਲਾ ਸਿੰਘ ਇੰਚਾਰਜ ਧਰਮ ਪ੍ਰਚਾਰ ਸਬ ਆਫਿਸ, ਭਾਈ ਰਵਿੰਦਰ ਸਿੰਘ ਖਾਲਸਾ ਪ੍ਰਿੰਸੀਪਲ ਗੁਰਮਤਿ ਵਿਦਿਆਲਾ, ਗੁਰਦੇਵ ਸਿੰਘ ਸੰਧੂ ਅਤਿਰਿਕਤ ਮੈਨੇਜ਼ਰ,ਬੁੱਢਾ ਦਲ ਵੱਲੋਂ ਭਾਈ ਦਲੇਰ ਸਿੰਘ ਆਦਿ ਹਾਜ਼ਰ ਦਿਖਾਈ ਦਿੱਤੇ।