ਸੀਐੱਚਸੀ ਮਹਿਲ ਕਲਾਂ ਨੇ ਸੂਬਾ ਪੱਧਰ ’ਤੇ ਪ੍ਰਾਪਤ ਕੀਤਾ ਤੀਜਾ ਸਥਾਨ

ਸੀਐੱਚਸੀ ਮਹਿਲ ਕਲਾਂ ਨੇ ਸੂਬਾ ਪੱਧਰ ’ਤੇ ਪ੍ਰਾਪਤ ਕੀਤਾ ਤੀਜਾ ਸਥਾਨ

ਬਰਨਾਲਾ : ਸਿਵਲ ਸਰਜਨ ਬਰਨਾਲਾ ਡਾ. ਬਲਦੇਵ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤੇ ਬਲਾਕ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਤੇਜਿੰਦਰ ਕੌਰ ਦੀ ਯੋਗ ਅਗਵਾਈ ਹੇਠ ਸੀ.ਐੱਚ.ਸੀ. ਮਹਿਲ ਕਲਾਂ ਨੇ ਕਾਇਆਕਲਪ ਪ੍ਰੋਗਰਾਮ ’ਚ 94.76 ਫ਼ੀਸਦੀ ਨੰਬਰ ਪ੍ਰਾਪਤ ਕਰ ਕੇ ਰਾਜ ’ਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਹ ਜਾਣਕਾਰੀ ਐੱਸ.ਐੱਮ.ਓ. ਡਾ. ਗੁਰਤੇਜਿੰਦਰ ਕੌਰ ਵਲੋਂ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਸ਼ਾਨਦਾਰ ਨਤੀਜਾ ਹਸਪਤਾਲ ਸਟਾਫ਼ ਦੀ ਅਣਥੱਕ ਮਿਹਨਤ ਤੇ ਸਰਕਾਰ ਤੇ ਸਥਾਨਕ ਲੋਕਾਂ ਦੇ ਸਹਿਯੋਗ ਦਾ ਨਤੀਜਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ. ਅੰਮ੍ਰਿਤਪਾਲ ਨੇ ਕਿਹਾ ਕਿ ਸਵੱਛ ਭਾਰਤ ਅਭਿਆਨ ਤਹਿਤ ਭਾਰਤ ’ਚ ਸਿਹਤ ਤੇ ਸਵੱਛਤਾ ਸਹੂਲਤਾਂ ’ਚ ਵਾਧਾ ਕਰਨ ਲਈ ਸਰਕਾਰ ਵੱਲੋਂ 2015 ’ਚ ਕਾਇਆਕਲਪ ਐਵਾਰਡ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਚੈਕਿੰਗ ਟੀਮ ਵੱਲੋਂ ਰਾਊਂਡ ਦੌਰਾਨ ਹਸਪਤਾਲ ਦਾ ਵੱਖ-ਵੱਖ ਮਾਣਕਾਂ ਜਿਵੇਂ ਕਿ ਸਫਾਈ ਤੇ ਸਵੱਛਤਾ ਪ੍ਰਬੰਧਨ, ਬਾਇਓਮੈਡੀਕਲ ਵੇਸਟ ਪ੍ਬੰਧਨ, ਲਾਗ ਰੋਕੁ ਪ੍ਬੰਧਨ, ਹਰਬਲ ਗਾਰਡਨ, ਹਸਪਤਾਲ ਦਾ ਆਮ ਪ੍ਬੰਧਨ, ਵਧੀਆ ਸਿਹਤ ਸਹੂਲਤਾਂ, ਡਰੈਸ ਕੋਡ ਆਦਿ ਦੇ ਆਧਾਰ ਤੇ ਮੁਲਾਂਕਣ ਕੀਤਾ ਗਿਆ। ਇਸ ਮੌਕੇ ਡਾ. ਗੁਰਤੇਜਿੰਦਰ ਕੌਰ ਵਲੋਂ ਸਾਰੇ ਸਟਾਫ਼ ਨੂੰ ਵਧਾਈ ਦਿੱਤੀ ਗਈ ਤੇ ਭਵਿੱਖ ’ਚ ਵੀ ਅਜਿਹੇ ਨਤੀਜੇ ਕਾਇਮ ਰੱਖਣ ਦਾ ਆਸ਼ਵਾਸਨ ਦਿੱਤਾ ਗਿਆ।