1993 ਦੇ ਝੂਠੇ ਪੁਲਿਸ ਮੁਕਾਬਲੇ 'ਚ ਤਤਕਾਲੀ SHO ਸੀਤਾ ਰਾਮ ਨੂੰ ਉਮਰ ਕੈਦ ਨਾਲ ਲਗਾਇਆ ਜੁਰਮਾਨਾ
- ਪੰਜਾਬ
- 06 Mar,2025

ਮੋਹਾਲੀ :ਅੱਜ ਮੋਹਾਲੀ ਦੀ ਸੀਬੀਆਈ ਅਦਾਲਤ ਨੇ 1993 ਦੇ ਇਕ ਹੋਰ ਝੂਠੇ ਪੁਲਿਸ ਮੁਕਾਬਲੇ ਵਿਚ ਵੱਡਾ ਫ਼ੈਸਲਾ ਸੁਣਾਇਆ ਹੈ। ਜਿਸ ਵਿੱਚ ਬਾਹਮਣੀ ਵਾਲਾ ਤੇ ਗਲਾਲੀਪੁਰ ਦੇ 2 ਨੌਜਵਾਨਾਂ ਨੂੰ ਪੱਟੀ ਤੇ ਕੈਰੋਂ ਪੁਲਿਸ ਵਲੋਂ ਘਰੋਂ ਚੁੱਕ ਕੇ ਮਾਰ ਮੁਕਾਇਆ ਸੀ।
ਇਸ ਮਾਮਲੇ ਵਿਚ ਅਦਾਲਤ ਨੇ ਦੋਸ਼ੀ ਐਸਐਚਓ ਸੀਤਾ ਰਾਮ ਸਮੇਤ 2 ਜਣਿਆਂ ਨੂੰ ਸਜ਼ਾ ਸੁਣਾਈ ਹੈ। ਤਤਕਾਲੀ ਐਸਐਚਓ ਸੀਤਾ ਰਾਮ ਨੂੰ ਉਮਰ ਕੈਦ ਦੀ ਸਜ਼ਾ ਤੇ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਦੇ ਨਾਲ ਹੀ ਤਤਕਾਲੀ ਕਾਂਸਟੇਬਲ ਰਾਮਪਾਲ ਨੂੰ ਪੰਜ ਸਾਲ ਦੀ ਸਜ਼ਾ ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਇਸ ਮਾਮਲੇ 'ਚ 11 ਪੁਲਿਸ ਅਧਿਕਾਰੀਆਂ 'ਤੇ ਅਗਵਾ, ਗ਼ੈਰ-ਕਾਨੂੰਨੀ ਹਿਰਾਸਤ ਅਤੇ ਕਤਲ ਦੇ ਦੋਸ਼ ਸਨ, ਚਾਰ ਦੋਸ਼ੀਆਂ ਦੀ ਸੁਣਵਾਈ ਦੌਰਾਨ ਮੌਤ ਹੋ ਗਈ ਸੀ। ਪੰਜਾਂ ਨੂੰ ਬਰੀ ਕਰ ਦਿੱਤਾ ਗਿਆ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹ ਬਰੀ ਹੋਏ ਲੋਕਾਂ ਨੂੰ ਸਜ਼ਾ ਦਿਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਦਾਇਰ ਕਰਨਗੇ।
ਪੁਲਿਸ ਨੇ ਲਾਵਾਰਿਸ ਹਾਲਤ ਵਿੱਚ ਉਨ੍ਹਾਂ ਦੀਆਂ ਲਾਸ਼ਾਂ ਦਾ ਸਸਕਾਰ ਕਰ ਦਿੱਤਾ, ਜਿਸ ਕਾਰਨ ਪਰਿਵਾਰ ਆਪਣੇ ਪੁੱਤਾਂ ਦਾ ਆਖ਼ਰੀ ਵਾਰ ਮੂੰਹ ਵੀ ਨਹੀਂ ਦੇਖ ਸਕੇ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਦੋਵੇਂ ਨੌਜਵਾਨ ਕਤਲ ਅਤੇ ਫਿਰੌਤੀ ਵਰਗੇ ਜੁਰਮਾਂ ਵਿੱਚ ਸ਼ਾਮਲ ਸਨ, ਪਰ ਅਦਾਲਤ ਵਿੱਚ ਇਹ ਗੱਲ ਝੂਠੀ ਸਾਬਤ ਹੋਈ।
ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਸੁਖਵੰਤ ਸਿੰਘ ਦੀ ਪਤਨੀ ਨੇ ਭਾਵੁਕ ਹੁੰਦਿਆਂ ਕਿ ਸਾਨੂੰ 32 ਸਾਲ ਬਾਅਦ ਇਨਸਾਫ਼ ਮਿਲਿਆ। ਦੋਸ਼ੀਆਂ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਸਾਨੂੰ ਇੰਨੀ ਸੰਤੁਸ਼ਟੀ ਹੈ ਕਿ ਸਾਡੇ ਜਿਉਂਦਿਆਂ ਦੋਸ਼ੀਆਂ ਨੂੰ ਸਜ਼ਾ ਮਿਲ ਗਈ। ਸਾਡੇ ਬੱਚੇ ਰੁਲ ਕੇ ਟਰੱਸਟਾਂ ਵਿਚ ਪੜ੍ਹੇ।
ਸੁਖਵੰਤ ਸਿੰਘ ਦੀ ਪਤਨੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਜਿਹੜे ਬਰੀ ਕੀਤੇ ਨੇ ਅਸੀਂ ਉਨ੍ਹਾਂ ਨੂੰ ਸਜ਼ਾ ਦਿਵਾਉਣ ਲਈ ਅਦਾਲਤ ਦਾ ਰੁਖ਼ ਕਰਾਂਗੇ।
ਵਕੀਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਪੁਲਿਸ ਅਫ਼ਸਰ ਇੰਨੇ ਅੰਨੇ ਹੋ ਗਏ ਸਨ ਕਿ ਇਹ ਕਿਸੇ ਵੀ ਸਿੱਖ ਨੂੰ ਚੁੱਕ ਕੇ ਕੁੱਟਮਾਰ ਕਰਦੇ ਸਨ ਪਰ ਇਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਇਕ ਦਿਨ ਇਨਸਾਫ਼ ਜ਼ਰੂਰ ਹੋਵੇਗਾ। ਵਕੀਲ ਨੇ ਕਿਹਾ ਕਿ ਇਨ੍ਹਾਂ ਪੁਲਿਸ ਅਫ਼ਸਰਾਂ ਨੇ ਝੂਠਾ ਪੁਲਿਸ ਮੁਕਾਬਲਾ ਕਰ ਕੇ ਸੁਖਵੰਤ ਸਿੰਘ ਦੀ ਲਾਸ਼ ਵੀ ਪ੍ਰਵਾਰ ਨੂੰ ਨਹੀਂ ਸੌਂਪੀ ਗਈ ਸੀ।
ਜਦੋਂ ਸੁਖਵੰਤ ਸਿੰਘ ਦਾ ਪਿਤਾ ਪੁੱਤ ਦੇ ਸਸਕਾਰ 'ਤੇ ਗਿਆ ਤਾਂ ਪੁਲਿਸ ਵਾਲਿਆਂ ਨੇ ਉਸ ਦੀ ਕੁੱਟ ਮਾਰ ਕਰ ਕੇ ਉਸ ਨੂੰ ਵਾਪਸ ਭੇਜ ਦਿੱਤਾ। ਪੁਲਿਸ ਅਫ਼ਸਰਾਂ ਨੇ ਘਰਦਿਆਂ ਨੂੰ ਇਕ ਵਾਰ ਵੀ ਲਾਸ਼ ਨਹੀਂ ਵਿਖਾਈ। ਇਨ੍ਹਾਂ ਦੁਸ਼ਟ ਪੁਲਿਸ ਅਫ਼ਸਰਾਂ ਨੇ ਝੂਠੇ ਮੁਕਾਬਲੇ ਕੀਤੇ ਤੇ ਫਿਰ ਝੂਠੇ ਪੁਲਿਸ ਮੁਕਾਬਲਿਆਂ ਦੇ ਸਿਰ ਤੇ ਹੀ ਤਰੱਕੀਆਂ ਲਈਆਂ।
Posted By:

Leave a Reply