ਹਰਭਜਨ ਸਿੰਘ ਮੁੜ ਵਿਵਾਦਾਂ ’ਚ, ਫ਼ਤਹਿਗੜ੍ਹ ਸਾਹਿਬ ਦੇ ਸਕੂਲ ਦੀ ਪੁਰਾਣੀ ਵੀਡੀਓ ਸਾਂਝੀ ਕਰਨ ’ਤੇ ਘਿਰੇ
ਰਾਜਸਥਾਨ ਨਾਲ ਸਬੰਧਤ ਇੱਕ ਵੀਡੀਓ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਭਾਜਪਾ ਦੇ ਰਾਜ ਸਭਾ ਮੈਂਬਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਆਫ-ਸਪਿਨਰ ਹਰਭਜਨ ਸਿੰਘ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਇਸ ਵਾਰ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਜਲਹਣ ਦੇ ਸਰਕਾਰੀ ਹਾਈ ਸਕੂਲ ਦੀ ਕਥਿਤ ਮਾੜੀ ਹਾਲਤ ਨਾਲ ਸਬੰਧਤ ਵੀਡੀਓ ਸਾਂਝੀ ਕਰਨ ਨੂੰ ਲੈ ਕੇ ਉਨ੍ਹਾਂ ’ਤੇ ਸਵਾਲ ਉੱਠ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰਭਜਨ ਸਿੰਘ ਵੱਲੋਂ ਸਾਂਝੀ ਕੀਤੀ ਗਈ ਇਹ ਵੀਡੀਓ ਸਾਲ 2018 ਦੀ ਹੈ। ਹਰਭਜਨ ਸਿੰਘ ਨੇ ਆਪਣੇ ਐਕਸ (X) ਹੈਂਡਲ ’ਤੇ ਲਗਾਤਾਰ ਦੋ ਵੀਡੀਓ ਸਾਂਝੀਆਂ ਕੀਤੀਆਂ ਸਨ। ਪਹਿਲੀ ਵੀਡੀਓ ਵਿੱਚ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਜਲਹਣ ਸਥਿਤ ਸਰਕਾਰੀ ਹਾਈ ਸਕੂਲ ਦੇ ਪਖਾਨਿਆਂ ਦੀ ਕਥਿਤ ਮਾੜੀ ਹਾਲਤ ਦਿਖਾਈ ਗਈ। ਵੀਡੀਓ ਵਿੱਚ ਇੱਕ ਐੱਨਜੀਓ ਕਾਰਕੁੰਨ ਸਕੂਲ ਦਾ ਦੌਰਾ ਕਰਦਿਆਂ ਦੱਸਦਾ ਹੈ ਕਿ ਕੁੜੀਆਂ ਦੇ ਪਖਾਨੇ ਵਿੱਚ ਛੱਤ ਨਹੀਂ ਹੈ ਅਤੇ ਪਾਣੀ ਦਾ ਵੀ ਢੁਕਵਾਂ ਪ੍ਰਬੰਧ ਨਹੀਂ ਹੈ। ਵੀਡੀਓ ਵਿੱਚ ਕਾਰਕੁੰਨ ਨੇ ਦਾਅਵਾ ਕੀਤਾ ਕਿ ਭਾਰੀ ਗਰਮੀ ਅਤੇ ਹੁੰਮਸ ਦੇ ਮੌਸਮ ਦੌਰਾਨ ਪਾਣੀ ਦੀ ਕਮੀ ਕਾਰਨ ਵਿਦਿਆਰਥਣਾਂ ਸਕੂਲ ਸਮੇਂ ਦੌਰਾਨ ਪਾਣੀ ਪੀਣ ਤੋਂ ਵੀ ਗੁਰੇਜ਼ ਕਰਦੀਆਂ ਹਨ, ਤਾਂ ਜੋ ਉਨ੍ਹਾਂ ਨੂੰ ਬਦਬੂਦਾਰ ਪਖਾਨਿਆਂ ਦੀ ਵਰਤੋਂ ਨਾ ਕਰਨੀ ਪਵੇ। ਵੀਡੀਓ ਸਾਂਝੀ ਕਰਦਿਆਂ ਹਰਭਜਨ ਸਿੰਘ ਨੇ ਟਿੱਪਣੀ ਕੀਤੀ, “ਸੱਚ ਨਾ ਬੋਲੋ ਨਹੀਂ ਤਾਂ ਤੁਹਾਨੂੰ ਵੀ ਪੇਡ ਟ੍ਰੋਲ ਕਹਿ ਦਿੱਤਾ ਜਾਵੇਗਾ।” ਹਾਲਾਂਕਿ, ਸੋਸ਼ਲ ਮੀਡੀਆ ’ਤੇ ਕੁਝ ਉਪਭੋਗਤਾਵਾਂ ਵੱਲੋਂ ਵੀਡੀਓ ਦੀ ਪ੍ਰਮਾਣਿਕਤਾ ਦੀ ਜਾਂਚ ਕੀਤੇ ਜਾਣ ਤੋਂ ਬਾਅਦ ਦਾਅਵਾ ਕੀਤਾ ਗਿਆ ਕਿ ਇਹ ਵੀਡੀਓ 2018 ਵਿੱਚ ਬਣਾਈ ਗਈ ਸੀ। ਇਸ ਤੋਂ ਬਾਅਦ ਹਰਭਜਨ ਸਿੰਘ ਦੇ ਐਕਸ ਖਾਤੇ ’ਤੇ ਇਸ ਪੋਸਟ ਨੂੰ ਲੈ ਕੇ ਆਲੋਚਨਾਵਾਂ ਹੋਣ ਲੱਗੀਆਂ। ਕੁਝ ਉਪਭੋਗਤਾਵਾਂ ਨੇ ਵੀਡੀਓ ਦੇ ਨਾਲ ਉਸ ਸਮੇਂ ਦੀ ਤਾਰੀਖ ਅਤੇ ਯੂਟਿਊਬ ’ਤੇ ਇਸ ਦੇ ਪ੍ਰਕਾਸ਼ਿਤ ਹੋਣ ਨਾਲ ਸਬੰਧਤ ਜਾਣਕਾਰੀ ਵੀ ਸਾਂਝੀ ਕੀਤੀ। ਹਰਭਜਨ ਸਿੰਘ ਵੱਲੋਂ ਸਾਂਝੀ ਕੀਤੀ ਗਈ ਦੂਜੀ ਵੀਡੀਓ ਨੂੰ ਲੈ ਕੇ ਅਜਿਹੀ ਆਲੋਚਨਾ ਸਾਹਮਣੇ ਨਹੀਂ ਆਈ। ਇਸ ਵੀਡੀਓ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਵਿੱਚ ਇੱਕ ਲੋਕ ਮਿਲਣੀ ਦੌਰਾਨ ਗਿੱਲ ਵਿਧਾਨ ਸਭਾ ਹਲਕੇ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੂੰ ਪਿੰਡ ਵਾਸੀਆਂ ਵੱਲੋਂ ਘੇਰੇ ਜਾਣ ਦਾ ਦ੍ਰਿਸ਼ ਦਿਖਾਇਆ ਗਿਆ ਹੈ। ਇਸ ਦੌਰਾਨ ਪਿੰਡ ਵਾਸੀਆਂ ਨੇ ਵਧ ਰਹੀ ਨਸ਼ੇ ਦੀ ਸਮੱਸਿਆ ਅਤੇ ਪਿੰਡ ਦੇ ਬੁਨਿਆਦੀ ਢਾਂਚੇ ਦੀ ਖਸਤਾ ਹਾਲਤ ਸਮੇਤ ਕਈ ਮੁੱਦੇ ਉਠਾਏ। ਪਿੰਡ ਵਾਸੀਆਂ ਨੇ ਵਿਧਾਇਕ ’ਤੇ ਇਨ੍ਹਾਂ ਮਾਮਲਿਆਂ ਵਿੱਚ ਲੋੜੀਂਦੀ ਕਾਰਵਾਈ ਨਾ ਕਰਨ ਦੇ ਦੋਸ਼ ਵੀ ਲਾਏ। ਹਰਭਜਨ ਸਿੰਘ ਦੀਆਂ ਇਹ ਪੋਸਟਾਂ ਉਸ ਵਿਵਾਦ ਤੋਂ ਕੁਝ ਦਿਨ ਬਾਅਦ ਸਾਹਮਣੇ ਆਈਆਂ ਹਨ, ਜਿਸ ਵਿੱਚ ਉਨ੍ਹਾਂ ਵੱਲੋਂ ਦੋ ਨੌਜਵਾਨਾਂ ਦੀ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ਵਾਲੀ ਵੀਡੀਓ ਸਾਂਝੀ ਕੀਤੀ ਗਈ ਸੀ। ਉਨ੍ਹਾਂ ਨੇ ਇਸ ਵੀਡੀਓ ਨੂੰ ਪੰਜਾਬ ਦੇ ‘ਜ਼ੋਂਬੀ ਡਰੱਗ’ ਸੰਕਟ ਦੀ ਉਦਾਹਰਣ ਵਜੋਂ ਪੇਸ਼ ਕੀਤਾ ਸੀ। ਬਾਅਦ ਵਿੱਚ ਪੰਜਾਬ ਪੁਲੀਸ ਨੇ ਸਪੱਸ਼ਟ ਕੀਤਾ ਸੀ ਕਿ ਇਹ ਵੀਡੀਓ ਅਸਲ ਵਿੱਚ ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿੱਚ ਰਿਕਾਰਡ ਕੀਤੀ ਗਈ ਸੀ ਅਤੇ ਇਸ ਦਾ ਪੰਜਾਬ ਨਾਲ ਕੋਈ ਸਬੰਧ ਨਹੀਂ ਸੀ। ਆਪਣੀ ਪੋਸਟ ਦਾ ਬਚਾਅ ਕਰਦਿਆਂ ਹਰਭਜਨ ਸਿੰਘ ਨੇ ਕਿਹਾ ਸੀ ਕਿ ਕਿਸੇ ਖਾਸ ਵੀਡੀਓ ਦਾ ਰਾਜਸਥਾਨ ਨਾਲ ਸਬੰਧਤ ਹੋਣਾ ਇਸ ਗੱਲ ਦਾ ਮਤਲਬ ਨਹੀਂ ਕਿ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਮੌਜੂਦ ਨਹੀਂ ਹੈ। ਇਸ ਮਾਮਲੇ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਭਜਨ ਸਿੰਘ ਦੇ ਦੋਸ਼ਾਂ ਖ਼ਿਲਾਫ਼ ਕਾਨੂੰਨੀ ਵਿਕਲਪਾਂ ’ਤੇ ਵਿਚਾਰ ਕਰਨ ਦੀ ਗੱਲ ਵੀ ਆਖੀ ਸੀ। ਇਸ ਤੋਂ ਪਹਿਲਾਂ ਮਈ ਮਹੀਨੇ ਵਿੱਚ ਵੀ ਹਰਭਜਨ ਸਿੰਘ ਨੇ ਆਮ ਆਦਮੀ ਪਾਰਟੀ ’ਤੇ ਰਾਜ ਸਭਾ ਦੀਆਂ ਟਿਕਟਾਂ “ਵੇਚਣ” ਦੇ ਦੋਸ਼ ਲਾ ਕੇ ਪੰਜਾਬ ਦੀ ਸਿਆਸਤ ਵਿੱਚ ਹਲਚਲ ਪੈਦਾ ਕਰ ਦਿੱਤੀ ਸੀ। ਐਕਸ ’ਤੇ ਇੱਕ ਪੋਸਟ ਰਾਹੀਂ ਉਨ੍ਹਾਂ ਨੇ ਰਾਜ ਸਭਾ ਸੀਟ ਦੀ ਕਥਿਤ ਵਿਕਰੀ ਅਤੇ ਰਿਸ਼ਵਤ ਦੇ ਦੋਸ਼ ਲਾਏ ਸਨ ਅਤੇ ਕਿਹਾ ਸੀ ਕਿ ਉਹ ਦੱਸ ਸਕਦੇ ਹਨ ਕਿ ਕਿਸ ਨੂੰ ਕਿੰਨੀ ਰਿਸ਼ਵਤ ਮਿਲੀ ਅਤੇ ਕਿਸ ਵੱਲੋਂ ਮਿਲੀ। ਉਨ੍ਹਾਂ ਨੇ ਪੰਜਾਬ ਨੂੰ ਲੁੱਟਣ ਅਤੇ ਲਾਲਾ ਨੂੰ ਮਾਲ ਪਹੁੰਚਾਉਣ ਲਈ ਕਿਸੇ ਨੂੰ ਮੰਤਰੀ ਜਾਂ ਚੌਂਕੀਦਾਰ ਬਣਾਏ ਜਾਣ ਦੇ ਵੀ ਦੋਸ਼ ਲਾਏ ਸਨ।
Posted By: Daily Suraj Bureau