ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਥਾਪੀ ਕਮੇਟੀ ਨੂੰ ਮਿਲਿਆ ਭਾਈ ਗੋਬਿੰਦ ਲੌਂਗੋਵਾਲ ਦਾ ਖੁੱਲ੍ਹਾ ਸਮਰਥਨ

ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਥਾਪੀ ਕਮੇਟੀ ਨੂੰ ਮਿਲਿਆ ਭਾਈ ਗੋਬਿੰਦ ਲੌਂਗੋਵਾਲ ਦਾ ਖੁੱਲ੍ਹਾ ਸਮਰਥਨ

ਲੌਂਗੋਵਾਲ ,(ਜਗਸੀਰ ਸਿੰਘ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਅਕਾਲੀ ਦਲ ਦੀ ਭਰਤੀ ਲਈ ਥਾਪੀ ਪੰਜ ਮੈਂਬਰੀ ਕਮੇਟੀ ਦਾ ਖੁੱਲਾ ਸਮਰਥਨ ਕਰ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਦੇ ਨਜਦੀਕੀ ਮੰਨੇ ਜਾਂਦੇ ਭਾਈ ਲੌਂਗੋਵਾਲ ਵਲੋ ਲਏ ਗਏ ਇਸ ਫੈਸਲੇ ਨੇ ਜ਼ਿਲ੍ਹਾ ਸੰਗਰੂਰ ਵਿੱਚ ਅਕਾਲੀ ਰਾਜਨੀਤੀ ਦੇ ਸਮੀਕਰਨ ਬਦਲ ਕੇ ਰੱਖ ਦਿੱਤੇ ਹਨ। 

ਅੱਜ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਇਲਾਕਾ ਨਿਵਾਸੀਆਂ ਦੇ ਭਰਵੇਂ ਇੱਕਠ ਦੌਰਾਨ ਪਹੁੰਚੇ ਚਾਰ ਕਮੇਟੀ ਮੈਂਬਰਾਂ ਦਾ ਭਾਈ ਲੌਂਗੋਵਾਲ ਨੇ ਭਰਵਾਂ ਸਵਾਗਤ ਕਰਦਿਆ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋ ਜਾਰੀ ਹੋਏ ਹੁਕਮਨਾਮੇ ਦਾ ਸਤਿਕਾਰ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਦਾ ਹਿੱਸਾ ਬਣਨ।ਉਨ੍ਹਾਂ ਕਿਹਾ ਕਿ ਸ੍ਰੀ ਆਕਾਲ ਤਖਤ ਸਾਹਿਬ ਵਲੋਂ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਨ੍ਹਾਂ ਵਿੱਚੋ ਦੋ ਮੈਂਬਰ ਅਸਤੀਫਾ ਦੇ ਗਏ ਸਨ।

ਲੌਂਗੋਵਾਲ ਨੇ ਕਿਹਾ ਕਿ ਬਾਕੀ ਪੰਜੇ ਮੈਂਬਰਾਂ ਨੇ ਸ੍ਰੀ ਆਕਾਲ ਤਖਤ ਸਾਹਿਬ ਦੇ ਹੁਕਮ ਨੂੰ ਸਿਰ ਮੱਥੇ ਮੰਨਦਿਆਂ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਭਰਤੀ ਕਾਰਜ ਸ਼ੁਰੂ ਕੀਤਾ।  ਇਸ ਮੌਕੇ ਪਹੁੰਚੇ ਕਮੇਟੀ ਮੈਂਬਰ ਇਕਬਾਲ ਸਿੰਘ ਝੂੰਦਾਂ,ਵਿਧਾਇਕ ਮਨਪ੍ਰੀਤ ਸਿੰਘ ਇਆਲੀ,ਗੁਰਪ੍ਰਤਾਪ ਸਿੰਘ ਵਡਾਲਾ,ਸੰਤਾ ਸਿੰਘ ਉਮੈਦਪੁਰੀ ਨੇ ਸਮਰਥਨ ਦੇਣ ਲਈ ਭਾਈ ਲੌਂਗੋਵਾਲ ਦਾ ਧੰਨਵਾਦ ਕੀਤਾ।ਇਸ ਮੌਕੇ ਕਮੇਟੀ ਮੈਂਬਰ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ 2 ਦਸੰਬਰ ਦੇ ਹੁਕਮਨਾਮੇ ਦੀ ਤਾਮੀਲ ਕਰਵਾਉਣ ਲਈ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਅੱਗੇ ਆਉਣ ਤੇ ਧੰਨਵਾਦ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਕੀਤੀ ਜਾ ਰਹੀ ਭਰਤੀ ਦਾ ਮਕਸਦ ਪੰਥ ਪ੍ਰਵਾਨਿਤ ਲੀਡਰਸ਼ਿਪ ਨੂੰ ਅੱਗੇ ਲਿਆਉਣਾ ਹੈ, ਜੋ ਪੰਥ ਅਤੇ ਪੰਜਾਬ ਦੀ ਭਲਾਈ ਲਈ ਕੰਮ ਕਰੇ। ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ ਵਿੱਚ ਭਰਤੀ ਮੁਹਿੰਮ  ਬੇਹੱਦ ਵੱਡੀ ਲਹਿਰ ਬਣ ਗਈ ਹੈ।

ਕਮੇਟੀ ਮੈਂਬਰ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਇਹ ਭਰਤੀ ਪੂਰੇ ਪੰਜਾਬ ਵਿਚ ਇਕ ਲਹਿਰ ਦਾ ਰੂਪ ਧਾਰਨ ਕਰ ਚੁੱਕੀ।ਉਨ੍ਹਾਂ ਅੱਗੇ ਕਿ ਅਕੀ ਇਹ ਭਰਤੀ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਅਤੇ ਮਜਬੂਤੀ ਦਾ ਮੁੱਢ ਬੰਨ੍ਹੇਗੀ। ਇਸ ਮੌਕੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਗਿਆਨੀ ਨਿਰੰਜਣ ਸਿੰਘ ਭੂਟਾਲ, ਜਥੇ. ਉਦੇ ਸਿੰਘ, ਕਾਕਾ ਨਵਿੰਦਰਪ੍ਰੀਤ ਸਿੰਘ ਲੌਂਗੋਵਾਲ, ਭਾਈ ਬਲਬਿੰਦਰ ਸਿੰਘ ਕੈਂਬੋਵਾਲ, ਡਾ. ਮਾਲਵਿੰਦਰ ਸਿੰਘ ਸਿੱਧੂ, ਬਿੰਦਰ ਸਿੰਘ ਠੇਕੇਦਾਰ, ਬਲਕਾਰ ਸਿੰਘ ਸੰਗਾਲਾ, ਜਤਿੰਦਰ ਸਿੰਘ ਦਿਆਲਗੜ੍ਹ,  ਜਗਸੀਰ ਸਿੰਘ ਕੋਟੜਾ, ਪਰਮਜੀਤ ਸਿੰਘ ਸਿੱਧੂ, ਪ੍ਰਬਸ਼ਰਨ ਸਿੰਘ ਬੱਬੂ, ਗੋਪਾਲ ਸਿੰਘ ਮੰਡੇਰ, ਦਰਸ਼ਨ ਸਿੰਘ ਪੀ.ਏ,ਗੁਰਸੇਵਕ ਸਿੰਘ ਸਿੱਧੂ,  ਬਲਵਿੰਦਰ ਸਿੰਘ ਕਥਾਵਾਚਕ, ਦਲਜੀਤ ਸਿੰਘ ਸਿੱਧੂ,ਅਮਰਜੀਤ ਸਿੰਘ ਜੈਦ ਆਦਿ ਮੌਜੂਦ ਸਨ।