ਪੰਜਾਬ ਰੋਡਵੇਜ਼, ਪਨਬੱਸ, ਪੀ.ਆਰ.ਟੀ.ਸੀ. ਮੁਲਾਜ਼ਮਾਂ ਦੀ ਅੱਧੀ ਤਨਖ਼ਾਹ ਪਾਉਣ ’ਤੇ ਰੋਸ
- ਪੰਜਾਬ
- 23 Apr,2025

ਚੰਡੀਗੜ੍ਹ :ਪੰਜਾਬ ਰੋਡਵੇਜ਼/ਪਨਬੱਸ/ਪੀ. ਆਰ.ਟੀ.ਸੀ. ਮੁਲਾਜ਼ਮ ਯੂਨੀਅਨ ਨੇ 24 ਅਪ੍ਰੈਲ ਨੂੰ ਬਸ ਸਟੈਂਡ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼/ਪਨਬੱਸ/ਪੀ. ਆਰ. ਟੀ. ਸੀ. ਮੁਲਾਜ਼ਮ ਯੂਨੀਅਨ ਨੇ ਮੁਲਾਜ਼ਮਾਂ ਦੇ ਖ਼ਾਤਿਆਂ ’ਚ ਅੱਧੀ ਤਨਖ਼ਾਹ ਪਾਉਣ ’ਤੇ ਵਿਭਾਗ ਤੇ ਸਰਕਾਰ ਪ੍ਰਤੀ ਰੋਸ ਜਾਹਰ ਕੀਤਾ ਹੈ।
ਮੁਲਾਜ਼ਮ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਹੀਨੇ ਮੁਲਾਜ਼ਮਾਂ ਨੇ ਆਪਣੇ ਬੱਚਿਆਂ ਦੀਆਂ ਫ਼ੀਸਾਂ ਸਮੇਤ ਸਕੂਲਾਂ ’ਚ ਦਾਖ਼ਲੇ ਅਤੇ ਸਾਲ ਭਰ ਲਈ ਕਣਕ ਖ਼ਰੀਦਣੀ ਹੁੰਦੀ ਹੈ ਪਰ ਸਰਕਾਰ ਵਲੋਂ ਲਗਭਗ 600 ਕਰੋੜ ਰੁਪਏ ਦੀ ਰਾਸ਼ੀ ਨਾ ਆਉਣ ਕਰ ਕੇ ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ’ਚ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਗਭਗ 6 ਮਹੀਨਿਆਂ ਤੋਂ ਸਰਕਾਰ ਵਲੋਂ ਪੈਸਾ ਜਾਰੀ ਨਹੀਂ ਕੀਤਾ ਗਿਆ।
ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਵੀ ਮੀਟਿੰਗ ਹੋਈ ਸੀ, ਜਿਸ ’ਚ ਜਲਦੀ ਪੈਸਾ ਜਾਰੀ ਕਰਨ ਬਾਰੇ ਗੱਲਬਾਤ ਹੋਈ ਸੀ ਪਰ ਹਾਲੇ ਤਕ ਪੈਸਾ ਜਾਰੀ ਨਹੀਂ ਹੋਇਆ। ਇਸ ਤੋਂ ਸਰਕਾਰ ਦੀ ਨੀਅਤ ਦਾ ਸਾਫ਼ ਪਤਾ ਲਗਦਾ ਹੈ ਕਿ ਸਰਕਾਰ ਵਿਭਾਗ ਨੂੰ ਖ਼ਤਮ ਕਰਨ ਵਾਲੇ ਪਾਸੇ ਨੂੰ ਜਾ ਰਹੀ ਹੈ।
ਜਗਤਾਰ ਸਿੰਘ ਨੇ ਦਸਿਆ ਕਿ ਮੁਫ਼ਤ ਸਫ਼ਰ ਦੇ ਪੈਸੇ ਨੂੰ ਲੈ ਮੁਲਾਜ਼ਮ ਤਨਖ਼ਾਹ ਤੋਂ ਪਹਿਲਾਂ ਹੀ ਤੰਗ ਸਨ, ਉਲਟਾ ਸਰਕਾਰ ਵਲੋਂ ਕਿਲੋਮੀਟਰ ਸਕੀਮ ਦੀਆਂ ਬੱਸਾਂ ਪਾ ਕੇ ਵਿਭਾਗ ਦੇ ਵੱਡੇ ਪੱਧਰ ’ਤੇ ਲੁੱਟ ਕਰਵਾਈ ਜਾ ਰਹੀ ਹੈ। ਵਿਭਾਗ ਦੀਆਂ ਬੱਸਾਂ ਦਾ ਕੋਈ ਅਤਾ-ਪਤਾ ਨਹੀਂ ਹੈ ਕਦੋਂ ਪੈਣਗੀਆਂ ਸਿਰਫ਼ ਪ੍ਰਾਈਵੇਟ ਮਾਫ਼ੀਆ ਨੂੰ ਫਾਇਦਾ ਦੇਣ ਦੇ ਚੱਕਰ ’ਚ ਹੀ ਸਰਕਾਰ ਪ੍ਰਾਈਵੇਟ ਬੱਸਾਂ ਪਾਉਣ ਦੀ ਇਜਾਜ਼ਤ ਦੇ ਰਹੀ ਹੈ।
ਉਨ੍ਹਾਂ ਚਿਤਾਵਨੀ ਦਿਤੀ ਕਿ ਜੇਕਰ ਸਰਕਾਰ ਅਤੇ ਮੈਨੇਜਮੈਂਟ ਨੇ ਬਾਕੀ ਬਚਦੀ ਤਨਖ਼ਾਹ ਸਮੇਂ ਸਿਰ ਵਰਕਰਾਂ ਦੇ ਖਾਤੇ ’ਚ ਨਾ ਪਾਈ ਤਾਂ 24 ਅਪ੍ਰੈਲ ਨੂੰ ਪੀ. ਆਰ. ਟੀ. ਸੀ. ਦੇ ਸਮੂਹ ਬੱਸ ਸਟੈਂਡ ਬੰਦ ਕੀਤੇ ਜਾਣਗੇ, ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਮੈਨੇਜਮੈਂਟ ਦੀ ਹੋਵੇਗੀ।
#PRTCNews #PublicTransportCrisis #WorkersRights #HalfSalaryIssue#PunjabGovtUpdates #SalaryCuts #PunjabRoadways
Posted By:

Leave a Reply