ਗੁਰਦਾਸਪੁਰ ਮੈਡੀਸਿਟੀ ਨੇ ਮਾਘੀ ਮੌਕੇ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਲਗਾਇਆ ਮੁਫਤ ਮੈਡੀਕਲ ਕੈਂਪ

ਗੁਰਦਾਸਪੁਰ ਮੈਡੀਸਿਟੀ ਨੇ ਮਾਘੀ ਮੌਕੇ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਲਗਾਇਆ ਮੁਫਤ ਮੈਡੀਕਲ ਕੈਂਪ

ਗੁਰਦਾਸਪੁਰ: ਗੁਰਦਾਸਪੁਰ ਮੈਡੀਸਿਟੀ ਹਸਪਤਾਲ ਵੱਲੋਂ ਮਾਘੀ ਅਤੇ ਲੋਹੜੀ ਦੇ ਪਵਿੱਤਰ ਦਿਹਾੜੇ ਮੌਕੇ ਇਤਿਹਾਸਿਕ ਗੁਰਦੁਆਰਾ ਟਾਹਲੀ ਸਾਹਿਬ ਗਾਹਲੜੀ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ ਹਸਪਤਾਲ ਨਾਲ ਸੰਬੰਧਿਤ ਮਾਹਿਰ ਡਾ. ਮਨਜੀਤ ਸਿੰਘ ਬੱਬਰ, ਡਾ. ਅਜੇਸ਼ਵਰ ਮਹੰਤ, ਡਾ. ਗੁਰਪ੍ਰੀਤ ਕੌਰ ਬੱਬਰ ਅਤੇ ਡਾਕਟਰ ਅਵਨੀਕ ਨੇ ਪਹੁੰਚ ਕੇ ਵੱਖ-ਵੱਖ ਮਰੀਜ਼ਾਂ ਦੀ ਜਾਂਚ ਕੀਤੀ। ਇਸ ਦੌਰਾਨ ਉਚੇਚੇ ਤੌਰ ਤੇ ਪਹੁੰਚੇ ਨਿਊਰੋ ਸਰਜਨ ਡਾਕਟਰ ਨਿਲੰਜਨ ਨੇ ਦਿਮਾਗ ਦੇ ਰੋਗਾਂ ਨਾਲ ਸੰਬੰਧਿਤ ਮਰੀਜ਼ਾਂ ਦੀ ਸਪੈਸ਼ਲ ਜਾਂਚ ਕੀਤੀ। ਡਾਕਟਰ ਮਨਜੀਤ ਸਿੰਘ ਬੱਬਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਹਸਪਤਾਲ ਵੱਲੋਂ ਵੱਖ-ਵੱਖ ਸਮੇਂ ਤੇ ਮੁਫਤ ਮੈਡੀਕਲ ਕੈਂਪ ਆਯੋਜਿਤ ਕੀਤੇ ਜਾਂਦੇ ਹਨ ਤਾਂ ਜੋ ਲੋੜਵੰਦਾਂ ਦਾ ਮੁਫਤ ਚੈੱਕ ਅਪ ਕਰਕੇ ਉਹਨਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਇਆ ਜਾ ਸਕੇ। ਉਹਨਾਂ ਕਿਹਾ ਕਿ ਅੱਜ ਦੇ ਇਸ ਕੈਂਪ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਵੱਖ-ਵੱਖ ਮਰੀਜ਼ਾਂ ਨੇ ਭਰਪੂਰ ਲਾਹਾ ਲਿਆ ਹੈ। ਜਿਸ ਤਹਿਤ 254 ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਗਈ। ਇਹਨਾਂ ਵਿੱਚੋਂ 124 ਮਰੀਜ਼ਾਂ ਦੇ ਮੁਫਤ ਮੈਡੀਕਲ ਟੈਸਟ ਵੀ ਕੀਤੇ ਗਏ। ਉਹਨਾਂ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਅੰਦਰ ਉਹਨਾਂ ਵੱਲੋਂ ਖੋਲੇ ਗਏ ਹਸਪਤਾਲ ਵਿੱਚ ਜਿੱਥੇ ਜਰਮਨੀ ਤਕਨੀਕਾਂ ਅਤੇ ਆਧੁਨਿਕ ਉਪਕਰਨਾਂ ਨਾਲ ਲੈਸ ਮਾਡੂਲਰ ਆਪਰੇਸ਼ਨ ਥੀਏਟਰ ਉਪਲਬਧ ਹੈ। ਉਸ ਦੇ ਨਾਲ ਹੀ ਦਿਲ, ਦਿਮਾਗ, ਪੇਟ, ਹੱਡੀਆਂ ਅਤੇ ਕੈਂਸਰ ਨਾਲ ਸੰਬੰਧਿਤ ਗੰਭੀਰ ਇਲਾਜਾਂ ਦੇ ਉੱਚ ਪੱਧਰੀ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਵੀ ਹਰ ਵੇਲੇ ਉਪਲਬਧ ਹਨ। ਉਹਨਾਂ ਦੱਸਿਆ ਕਿ ਮਰੀਜ਼ਾਂ ਦੀ ਸਹੂਲਤ ਲਈ ਇਸ ਹਸਪਤਾਲ ਅੰਦਰ ਮੈਡੀਕਲ ਟੈਸਟਾਂ ਤੇ 50 ਫੀਸਦੀ ਛੋਟ ਦਿੱਤੀ ਜਾ ਰਹੀ ਹੈ ਅਤੇ ਨਾਲ ਹੀ ਲੋੜਵੰਦਾਂ ਦੀ ਮੁਫਤ ਓਪੀਡੀ ਵੀ ਕੀਤੀ ਜਾਂਦੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਹਸਪਤਾਲ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਅਜਿਹੇ ਕੈਂਪ ਲਗਾਉਣ ਦੀ ਅਪੀਲ ਕੀਤੀ। ਪ੍ਰਬੰਧਕ ਕਮੇਟੀ ਨੇ ਸਮੂਹ ਡਾਕਟਰਾਂ ਅਤੇ ਹਸਪਤਾਲ ਦੇ ਸਟਾਫ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ।