ਦੇਸ਼ ਦੇ ਅੰਨਦਾਤਾ ਨਾਲ ਕੇਂਦਰ ਸਰਕਾਰ ਦੀ ਬੇਰੁੱਖੀ ਤੇ ਉਦਾਸੀਨਤਾ ਦੇਸ਼ ਦੇ ਹੱਕ 'ਚ ਨਹੀਂ, ਕਿਸਾਨਾਂ ਦੀਆਂ ਮੰਗਾਂ ਪ੍ਰਤੀ ਸੰਵੇਦਨਸ਼ੀਲ ਹੋਣਾ ਪਵੇਗਾ -ਚੀਮਾ

ਦੇਸ਼ ਦੇ ਅੰਨਦਾਤਾ ਨਾਲ ਕੇਂਦਰ ਸਰਕਾਰ ਦੀ ਬੇਰੁੱਖੀ ਤੇ ਉਦਾਸੀਨਤਾ ਦੇਸ਼ ਦੇ ਹੱਕ 'ਚ ਨਹੀਂ, ਕਿਸਾਨਾਂ ਦੀਆਂ ਮੰਗਾਂ ਪ੍ਰਤੀ ਸੰਵੇਦਨਸ਼ੀਲ ਹੋਣਾ ਪਵੇਗਾ -ਚੀਮਾ

ਦਿੜ੍ਹਬਾ: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਜ਼ਬਰੀ ਰੋਕੇ ਜਾਣ ਦੀ ਕਾਰਵਾਈ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਦੇ ਅੰਨਦਾਤਾ ਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਬੇਰੁੱਖੀ ਵਤੀਰਾ ਅਪਨਾ ਰਹੀ ਹੈ। ਕਿਸਾਨਾਂ ਦੇ ਸ਼ਾਂਤਮਈ ਢੰਗ ਨਾਲ ਆਪਣੇ ਦੇਸ਼ ਦੀ ਰਾਜਧਾਨੀ ਦਿੱਲੀ ਅੰਦਰ ਜਾ ਕੇ ਪ੍ਰਦਰਸ਼ਨ ਕਰਨ ਤੋਂ ਰੋਕਣ ਲਈ ਲਾਈਆਂ ਰੋਕਾਂ ਲੋਕਤੰਤਰ ਦਾ ਘਾਣ ਹੈ। ਉਹ ਦਿੜ੍ਹਬਾ ਵਿਖੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ। ਚੀਮਾ ਨੇ ਕਿਹਾ ਕਿ ਕਿਸਾਨਾਂ ਦੇ ਰਾਹ ਵਿੱਚ ਸੜਕ ਉਤੇ ਕਿੱਲਾਂ ਲਾਉਣੀਆਂ ਅਤੇ ਪੱਕੇ ਬੈਰੀਗੇਡ ਲਾ ਕੇ ਦੂਜੇ ਦੇਸ਼ ਦੀ ਸਰਹੱਦ ਬਣਾਉਣਾ ਕਿਸੇ ਵੀ ਤਰ੍ਹਾਂ ਸਵਿਧਾਨਿਕ ਨਹੀਂ ਹੈ। ਕਿਸਾਨ ਖਾਸ ਕਰਕੇ ਪੰਜਾਬ ਨਾਲ ਕੇਂਦਰ ਸਰਕਾਰ ਦੁਸ਼ਮਣ ਵਾਲਾ ਰਵੱਈਆ ਅਪਨਾ ਰਹੀ ਹੈ। ਕੇਂਦਰ ਦੀ ਭਾਜਪਾ ਸਰਕਾਰ ਨੂੰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਸੰਵੇਦਸ਼ੀਲ ਇਰਾਦਾ ਅਪਣਾ ਕੇ ਹੱਲ ਕਰ ਦੇਣਾ ਚਾਹੀਦਾ ਹੈ। ਪੰਜਾਬ ਬਾਰੇ ਗੱਲਬਾਤ ਕਰਦੇ ਹੋਏ ਚੀਮਾ ਨੇ ਕਿਹਾ ਕਿ ਸਰਕਾਰ ਦੀ ਇਮਾਨਦਾਰੀ ਦੇ ਕਾਰਨ ਜੀਐਸਟੀ ਦੀ ਦਰ ਦਿਨੋਂ ਦਿਨ ਵੱਧ ਰਹੀ ਹੈ। ਪੰਜਾਬ ਹੋਣ ਜਾ ਰਹੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਨੂੰ ਲੈ ਕੇ ਚੀਮਾ ਨੇ ਕਿਹਾ ਕਿ ਪਿੰਡਾਂ ਦੀ ਤਰ੍ਹਾਂ ਸ਼ਹਿਰਾਂ ਨੂੰ ਵਿਕਾਸ ਦੀ ਤੇਜ਼ ਰਫ਼ਤਾਰ ਉਤੇ ਲੈ ਕੇ ਆਉਣ ਲਈ ਚੋਣਾਂ ਜਲਦੀ ਕਰਵਾਈਆਂ ਜਾ ਰਹੀਆਂ ਹਨ। ਪੌਣੇ ਤਿੰਨ ਸਾਲਾਂ 'ਚ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਸਥਾਨਕ ਚੋਣਾਂ ਲੜੀਆਂ ਜਾ ਰਹੀਆਂ ਹਨ। ਇਨਾਂ ਚੋਣਾਂ ਅੰਦਰ ਆਮ ਆਦਮੀ ਪਾਰਟੀ ਚੰਗੀ ਦਿੱਖ ਵਾਲੇ ਉਮੀਦਵਾਰ ਖੜੇ ਕਰਕੇ ਵੱਡੇ ਬਹੁਮੱਤ ਨਾਲ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਧਰਮਪਾਲ ਗਰਗ, ਇੰਦਰਜੀਤ ਸ਼ਰਮਾ, ਲੱਖਵੀਰ ਸਿੰਘ ਸਰਪੰਚ, ਕਰਨ ਸਿੰਘ ਸਰਪੰਚ ਅਤੇ ਹੋਰ ਵਰਕਰ ਹਾਜਰ ਸਨ।