ਸੰਸਦ ਮੈਂਬਰ ਚੱਬੇਵਾਲ ਵੱਲੋਂ ਭੁਲੱਥ ਹਲਕੇ ’ਚ 20.65 ਕਰੋੜ ਦੇ ਸੜਕੀ ਪ੍ਰਾਜੈਕਟਾਂ ਦੇ ਨੀਂਹ ਪੱਥਰ

ਸੰਸਦ ਮੈਂਬਰ ਚੱਬੇਵਾਲ ਵੱਲੋਂ ਭੁਲੱਥ ਹਲਕੇ ’ਚ 20.65 ਕਰੋੜ ਦੇ ਸੜਕੀ ਪ੍ਰਾਜੈਕਟਾਂ ਦੇ ਨੀਂਹ ਪੱਥਰ

ਭੁਲੱਥ : ਲੋਕ ਸਭਾ ਮੈਂਬਰ ਡਾ.ਰਾਜ ਕੁਮਾਰ ਚੱਬੇਵਾਲ ਵੱਲੋਂ ਭੁਲੱਥ ਹਲਕੇ ਦੇ ਵੱਖ-ਵੱਖ ਪਿੰਡਾਂ ਨੂੰ ਜੋੜਦੀਆਂ ਸੜਕਾਂ ਦੇ ਨੀਂਹ ਪੱਥਰ ਰੱਖੇ ਗਏ, ਜਿਨ੍ਹਾਂ ’ਤੇ ਕੁੱਲ 20 ਕਰੋੜ 65 ਲੱਖ ਰੁਪਏ ਦੀ ਲਾਗਤ ਆਵੇਗੀ । ਇਸ ਮੌਕੇ ਉਨ੍ਹਾਂ ਨਾਲ ਭੁਲੱਥ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਆਗੂ ਹਰਸਿਮਰਨ ਸਿੰਘ ਤੇ ਐਸ.ਡੀ.ਐਮ ਡੈਵੀ ਗੋਇਲ ਵੀ ਮੌਜੂਦ ਸਨ। ਨੀਂਹ ਪੱਥਰ ਰੱਖਣ ਮੌਕੇ ਸੰਬੋਧਨ ਕਰਦਿਆਂ ਡਾ. ਰਾਜ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰਾਂ ਦੇ ਵਿਕਾਸ ਬਾਰੇ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਭੁਲੱਥ ਹਲਕੇ ਅੰਦਰ ਨਵੀਆਂ ਸੜਕਾਂ ਬਨਾਉਣ ਦੇ ਨਾਲ-ਨਾਲ ਸੜਕਾਂ ਦੀ ਮੁਰੰਮਤ ਦਾ ਕੰਮ ਵੀ ਜਲਦ ਪੂਰਾ ਕਰ ਲਿਆ ਜਾਵੇਗਾ। ਸੰਸਦ ਮੈਂਬਰ ਵੱਲੋਂ ਜਿਨ੍ਹਾਂ ਸੜਕਾਂ ਦੇ ਅੱਜ ਨੀਂਹ ਪੱਥਰ ਰੱਖੇ ਗਏ ਉਨ੍ਹਾਂ ’ਚ ਬੇਗੋਵਾਲ ਤੋਂ ਕਰਤਾਰਪੁਰ ਬਰਾਸਤਾ ਭੁਲੱਥ ਜਿਸ ਦੀ ਕੁੱਲ ਲੰਬਾਈ 8.90 ਕਿੱਲੋਮੀਟਰ ਹੈ ਤੇ ਇਸ ਨੂੰ 474.10 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਭੁਲੱਥ ਤੋਂ ਲੰਮੇ ਵਾਇਆ ਨਡਾਲੀ ਬੱਸੀ ਜੈਦ ਸੜਕ ਦਾ ਵੀ ਨੀਂਹ ਪੱਥਰ ਰੱਖਿਆ ਗਿਆ,ਜਿਸ ਦੀ ਲੰਬਾਈ 13.87 ਕਿੱਲੋਮੀਟਰ ਹੈ ਤੇ ਇਸ ’ਤੇ 869.76 ਲੱਖ ਰੁਪਏ ਦਾ ਖਰਚ ਆਵੇਗਾ। ਇਸੇ ਤਰ੍ਹਾਂ ਭੁਲੱਥ ਮਕਸੂਦਪੁਰ ਤੋਂ ਕੂਕਾ ਤੱਕ ਵਾਇਆ ਰਾਏਪੁਰ ਪੀਰ ਬਖਸ਼ ਵਾਲਾ ਸੜਕ ਜਿਸ ਦੀ ਲੰਬਾਈ 7.50 ਕਿੱਲੋਮੀਟਰ ਹੈ ਨੂੰ 381.81 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ। ਟਾਂਡੀ ਔਲਖ ਤੋਂ ਬੋਪਾਰਾਏ ਤੱਕ 6.75 ਕਿੱਲੋਮੀਟਰ ਸੜਕ ਨੂੰ 341.07 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੜਕਾਂ ਦੇ ਕੰਮ ਦੀ ਨਿੱਜੀ ਤੌਰ ’ਤੇ ਨਿਗਾਰਨੀ ਤਾਂ ਜੋ ਇਸ ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ। ਭੁਲੱਥ ਹਲਕੇ ਤੋਂ ਆਮ ਆਦਮੀ ਪਾਰਟੀ ਦਾ ਆਗੂ ਹਰਸਿਮਰਨ ਸਿੰਘ ਨੇ ਦੱਸਿਆ ਕਿ ਨਡਾਲਾ ਤੇ ਢਿੱਲਵਾਂ ’ਚ 18 ਕਰੋੜ ਦੀ ਲਾਗਤ ਨਾਲ ਸੀਵਰੇਜ ਸਿਸਟਮ ਤੇ ਪਾਰਕਿੰਗ ਦਾ ਕੰਮ ਕਰਵਾਇਆ ਜਾ ਰਿਹਾ ਹੈ। ਭੁਲੱਥ ਹਲਕੇ ’ਚ ਬਹੁਪੱਖੀ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਖੁੱਲ੍ਹਦਿਲੀ ਨਾਲ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਸੁਚੱਜੀ ਵਰਤੋਂ ਨਾਲ ਹਲਕੇ ਦੀ ਨੁਹਾਰ ਬਦਲ ਦਿੱਤੀ ਜਾਵੇਗੀ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਐਕਸੀਐਨ ਵਿਸ਼ਾਲ ਜੰਗਰਾਲ ਵੀ ਹਾਜ਼ਰ ਸਨ।