ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਪ੍ਰੋਫੈਸਰ ਡਬਲਯੂਡੀ ਵੈਸਟ ਮੈਮੋਰੀਅਲ ਓਰੇਸ਼ਨ ਐਵਾਰਡ ਨਾਲ ਸਨਮਾਨਿਤ

ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਪ੍ਰੋਫੈਸਰ ਡਬਲਯੂਡੀ ਵੈਸਟ ਮੈਮੋਰੀਅਲ ਓਰੇਸ਼ਨ ਐਵਾਰਡ ਨਾਲ ਸਨਮਾਨਿਤ

 ਬਠਿੰਡਾ : ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੂੰ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਡਾ. ਹਰੀ ਸਿੰਘ ਗੌੜ ਯੂਨੀਵਰਸਿਟੀ, ਸਾਗਰ (ਐੱਮਪੀ) ਵੱਲੋਂ 'ਪ੍ਰੋਫੈਸਰ ਡਬਲਯੂਡੀ. ਵੈਸਟ ਮੈਮੋਰੀਅਲ ਓਰੇਸ਼ਨ ਐਵਾਰਡ 2025' ਨਾਲ ਸਨਮਾਨਿਤ ਕੀਤਾ ਗਿਆ। ਡਾ. ਹਰੀ ਸਿੰਘ ਗੌੜ ਯੂਨੀਵਰਸਿਟੀ ਦੇ ਅਪਲਾਈਡ ਜੀਓਲੋਜੀ ਵਿਭਾਗ ਵੱਲੋਂ ਭੂ-ਵਿਗਿਆਨ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਵਿਦਵਾਨਾਂ ਨੂੰ 1967 ਤੋਂ ਹਰ ਸਾਲ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਸ ਸਾਲ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਅਤੇ ਭਾਰਤ ਦੇ ਉੱਚ ਸਿੱਖਿਆ ਸੰਸਥਾਨਾਂ ਵਿੱਚ ਚਾਰ ਦਹਾਕਿਆਂ ਤੋਂ ਵੱਧ ਸਮੇਂ ਦੀ ਸੇਵਾ ਲਈ ਇਹ ਸਨਮਾਨ ਦਿੱਤਾ ਗਿਆ ਹੈ।

ਯੂਨੀਵਰਸਿਟੀ ਦੇ ਅਪਲਾਈਡ ਜੀਓਲੋਜੀ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਪੀ.ਕੇ. ਕਥਲ ਨੇ ਬਠਿੰਡਾ ਦੌਰੇ ਦੌਰਾਨ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਆਯੋਜਿਤ ਵਿਸ਼ੇਸ਼ ਸਮਾਗਮ ਦੌਰਾਨ ਪ੍ਰੋ. ਤਿਵਾਰੀ ਨੂੰ ਇਹ ਪੁਰਸਕਾਰ ਭੇਂਟ ਕੀਤਾ। ਉਨ੍ਹਾਂ ਨੂੰ ਸਰਟੀਫਿਕੇਟ, ਯਾਦਗਾਰੀ ਚਿੰਨ੍ਹ, ਸ਼ਾਲ ਅਤੇ ਨਾਰੀਅਲ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਪੁਰਸਕਾਰ ਪ੍ਰਦਾਨ ਕਰਦੇ ਹੋਏ ਪ੍ਰੋ. ਪੀ.ਕੇ. ਕਥਲ ਨੇ ਡਾ. ਹਰੀ ਸਿੰਘ ਗੌੜ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਦਾ ਸੰਦੇਸ਼ ਵੀ ਪੜ੍ਹ ਕੇ ਸੁਣਾਇਆ, ਜਿਸ ਵਿੱਚ ਪ੍ਰੋ. ਤਿਵਾਰੀ ਦੀ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਭੂਮਿਕਾ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਨੂੰ ਉੱਤਮ ਸਿੱਖਿਆ ਸ਼ਾਸਤਰੀ ਅਤੇ ਪ੍ਰੇਰਨਾਦਾਇਕ ਵਿਦਵਾਨ ਕਰਾਰ ਦਿੱਤਾ ਗਿਆ ਅਤੇ ਭੂ-ਵਿਗਿਆਨ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਸ਼ਲਾਘਾ ਕੀਤੀ ਗਈ। ਸਨਮਾਨ ਪ੍ਰਾਪਤ ਕਰਦੇ ਹੋਏ ਵਾਈਸ-ਚਾਂਸਲਰ ਪ੍ਰੋ. ਤਿਵਾਰੀ ਨੇ ਡਾ. ਹਰੀ ਸਿੰਘ ਗੌੜ ਯੂਨੀਵਰਸਿਟੀ ਦੇ ਪ੍ਰਸ਼ਾਸਨ, ਵਿਭਾਗ ਮੁਖੀ ਅਤੇ ਯੂਨੀਵਰਸਿਟੀ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. ਨੀਲਿਮਾ ਗੁਪਤਾ ਅਤੇ ਅਪਲਾਈਡ ਜੀਓਲੋਜੀ ਵਿਭਾਗ ਦੇ ਮੁਖੀ ਪ੍ਰੋ. ਅਥੋਕਪਮ ਕੇ. ਸਿੰਘ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ ਦੇ ਸਾਬਕਾ ਵਾਈਸ-ਚਾਂਸਲਰ ਪ੍ਰੋ. ਨਿਤਿਨ ਆਰ. ਕਰਮਲਕਰ, ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ.ਕੇ. ਵੁਸੁਰਿਕਾ, ਡੀਨ ਵਿਦਿਆਰਥੀ ਭਲਾਈ ਪ੍ਰੋ. ਸੰਜੀਵ ਠਾਕੁਰ, ਡੀਨ ਸਕੂਲ ਆਫ਼ ਇਨਵਾਇਰਮੈਂਟ ਐਂਡ ਅਰਥ ਸਾਇੰਸ ਪ੍ਰੋ. ਯੋਗਾਲਕਸ਼ਮੀ, ਅੰਦਰੂਨੀ ਲੇਖਾ ਅਧਿਕਾਰੀ ਪ੍ਰੋ. ਸੁਨੀਲ ਮਿੱਤਲ, ਡਾ. ਕੇ.ਕੇ. ਸਿੰਘ (ਮੁਖੀ, ਭੂ-ਵਿਗਿਆਨ ਵਿਭਾਗ), ਡਾ. ਸ਼ਰੁਤੀ ਕਾਂਗਾ (ਮੁਖੀ, ਭੂਗੋਲ ਵਿਭਾਗ), ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।