ਮੰਢਿਆਣੀ ਰੋਡ ਜਲਦੀ ਬਣਾਉਣ ਲਈ ਵਿਧਾਇਕਾ ਨੂੰ ਸੌਂਪਿਆ ਮੰਗ ਪੱਤਰ

ਮੰਢਿਆਣੀ ਰੋਡ ਜਲਦੀ ਬਣਾਉਣ ਲਈ ਵਿਧਾਇਕਾ ਨੂੰ ਸੌਂਪਿਆ ਮੰਗ ਪੱਤਰ

ਬਲਾਚੌਰ : ਅੱਜ ਮੰਢਿਆਣੀ ਰੋਡ ਬਲਾਚੌਰ ਦੇ ਵਾਸੀਆਂ, ਦੁਕਾਨਦਾਰਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਖ਼ਸਤਾ ਹਾਲਤ ਚਲੇ ਆ ਰਹੀ ਸੜਕ ਨੂੰ ਜਲਦੀ ਬਣਾਏ ਜਾਣ ਲਈ ਦਵਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਸਿਆਣ ਦੀ ਅਗਵਾਈ ਵਿਚ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਦਵਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਸਿਆਣ ਨੇ ਦੱਸਿਆ ਕਿ ਮੰਢਿਆਣੀ ਰੋਡ ਬਲਾਚੌਰ ਜਿਹੜਾ ਕਿ ਇੱਕ ਬਹੁਤ ਹੀ ਸੰਘਣੀ ਅਬਾਦੀ ਵਾਲੇ ਮੁਹੱਲਾ ਵਾਸੀਆਂ ਅਤੇ ਕਈ ਪਿੰਡਾ ਦਾ ਲਾਂਘਾ ਹੈ। ਪਰ ਇਸ ਰੋਡ ਦੀ ਪਿਛਲੇ ਲੰਮੇ ਸਮੇਂ ਖਸਤਾ ਹਾਲਤ ਚੱਲੇ ਆ ਰਹੀ ਹੈ ਪਰ ਕਿਸੇ ਵੀ ਵਿਭਾਗ ਵੱਲੋਂ ਇਸ ਨੂੰ ਬਣਾਉਣ ਦਾ ਉਪਰਾਲਾ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਇਸ ਸੜਕ ਰਾਹੀਂ ਹੀ ਜਿੱਥੇ ਪਿੰਡ ਮੰਢਿਆਣੀ, ਮੋਹਰ ਨੂੰ ਆਇਆ ਜਾਇਆ ਜਾਂਦਾ ਹੈ ਉਸ ਦੇ ਨਾਲ ਹੀ ਇਸੀ ਸੜਕ ਰਾਹੀਂ ਰਾਹਗੀਰ ਆਪਣੇ ਵਾਹਨਾ ਰਾਹੀਂ ਪਿੰਡ ਜਗਤਪੁਰ, ਫਿਰਨੀ ਮਜਾਰਾ, ਬਛੌੜੀ ਤੋਂ ਹੁੰਦੇ ਹੋਏ ਪੋਜੇਵਾਲ ਨੂੰ ਆਉਦੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸੜਕ ਵਿਚਕਾਰ ਜਗ੍ਹਾ-ਜਗ੍ਹਾ ਟੋਏ ਪੈ ਚੁੱਕੇ ਹਨ, ਸੜਕ ਬੁਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ। ਕਈ ਜਗ੍ਹਾ ਤਾਂ ਸੜਕ ਦਾ ਨਾਮੋ ਨਿਸ਼ਾਨ ਹੀ ਖਤਮ ਹੋ ਚੁੱਕਿਆ ਹੈ। ਸੜਕ ਵਿਚਕਾਰ ਪਏ ਖੱਡਿਆਂ ਵਿੱਚੋਂ ਦੋ ਪਹੀਆ ਵਾਹਨ ਚਾਲਕ ਜਿੱਥੇ ਨਾਗ ਵੱਲ ਵਲੇਮੇ ਖਾਂਦੇ ਲੰਘਣ ਲਈ ਮਜਬੂਰ ਹਨ, ਉੱਥੇ ਹੀ ਅਕਸਰ ਹੀ ਦੋ ਪਹੀਆ ਵਾਹਨ ਚਾਲਕ ਸੜਕ ਵਿਚਕਾਰ ਪਏ ਖੱਡਿਆਂ ਵਿਚ ਡਿੱਗ ਕੇ ਸੱਟਾਂ ਲਗਵਾ ਚੁੱਕੇ ਹਨ। ਸੜਕ ਟੁੱਟੀ ਹੋਣ ਕਾਰਨ ਇਸ ਸੜਕ ਦੇ ਆਲੇ-ਦੁਆਲੇ ਜੋ ਦੁਕਾਨਦਾਰ ਅਤੇ ਰਾਹਗੀਰ ਉੱਡਦੀ ਧੂੜ ਮਿੱਟੀ ਤੋਂ ਬਹੁਤ ਪਰੇਸ਼ਾਨ ਹਨ। ਰਾਹਗੀਰ ਦਾ ਇਸ ਸੜਕ ਤੋਂ ਲੰਘਣਾ ਔਖਾ ਹੋ ਗਿਆ ਹੈ। ਇਸ ਸੜਕ ਕਿਨਾਰੇ ਬਣੇ ਸੁਨੀਤਾ ਚੈਰੀਟੇਬਲ ਹਸਪਤਾਲ ਦੇ ਮਰੀਜ਼ਾਂ ਨੂੰ ਵੀ ਦਿੱਕਤ ਆ ਰਹੀ ਹੈ। ਉਨ੍ਹਾਂ ਵਿਧਾਇਕਾ ਨੂੰ ਅਪੀਲ ਕੀਤੀ ਕਿ ਸਾਡੀ ਇਸ ਸਮੱਸਿਆ ਦੇ ਹੱਲ ਲਈ ਜਲਦੀ ਤੋਂ ਜਲਦੀ ਇਸ ਸੜਕ ਨੂੰ ਬਣਾਇਆ ਜਾਵੇ ਤਾਂ ਜੋ ਲੋਕ ਸੁੱਖ ਦਾ ਸਾਹ ਲੈ ਸਕਣ। ਇਸ ਮੌਕੇ ਹਲਕਾ ਵਿਧਾਇਕ ਵੱਲੋਂ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਮੱਸਿਆ ਦਾ ਉਹ ਪਹਿਲ ਦੇ ਆਧਾਰ ਤੇ ਹੱਲ ਕਰਾਉਣਗੇ। ਇਸ ਮੌਕੇ ਅਸ਼ੋਕ ਕੁਮਾਰ, ਦਰਸ਼ਨ ਸਿੰਘ, ਸੁਭਾਸ਼ ਭੁੰਬਲਾ, ਜਤਿੰਦਰ ਕੁਮਾਰ, ਸੁਖਦੇਵ ਸਿੰਘ, ਜਸਦੀਪ ਸਿੰਘ, ਪਰਮਜੀਤ ਸਿੰਘ, ਬਿੰਦਾ ਜੱਟ, ਪ੍ਰੇਮ ਕੁਮਾਰ, ਵਿਨੋਦ ਕੁਮਾ, ਨਰਿੰਦਰ ਕੁਮਾਰ ਸਮੇਤ ਹੋਰ ਵੀ ਮੌਜੂਦ ਸਨ।