ਐੱਸਏਐੱਸ ਨਗਰ : ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਮੁਹਾਲੀ ਇਕਾਈ ਵੱਲੋਂ ਛੁੱਟੀ ਦੇ ਸਮੇਂ ਤੋਂ ਬਾਅਦ ਮੈਰੀਟੋਰੀਅਸ ਸਕੂਲ ਦੇ ਗੇਟ ਅੱਗੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ ਗਈ। ਇਸ ਮੌਕੇ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਗਟ ਕੀਤਾ ਗਿਆ।
ਇਸ ਮੌਕੇ ਯੂਨੀਅਨ ਦੀ ਸੂਬਾ ਆਗੂ ਟੀਨਾ ਨੇ ਕਿਹਾ ਕਿ ਸਿੱਖਿਆ ਤੇ ਸਿਹਤ ਦੇ ਨਾਮ ’ਤੇ ਸੱਤਾ ਵਿਚ ਆਈ ਸਰਕਾਰ ਵੱਲੋਂ ਲਾਰਿਆਂ ਨਾਲ ਡੰਗ ਟਪਾਇਆ ਜਾ ਰਿਹਾ ਹੈ, ਜਿਸ ਨੂੰ ਹੁਣ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਰੀਟੋਰੀਅਸ ਟੀਚਰਾਂ ਦੀ ਮਿਹਨਤ ਸਦਕਾ 243 ਨੀਟ, 118 ਜੇਈ ਮੇਨ ਤੇ ਪੰਜਾਬ ਬੋਰਡ ਦੀ ਬਾਰ੍ਹਵੀਂ ਸ਼੍ਰੇਣੀ ਦੀ ਮੈਰਿਟ ਵਿਚੋਂ 86 ਮੈਰਿਟਾਂ ਆਈਆਂ ਸਨ, ਪਰ ਸਰਕਾਰ ਵੱਲੋਂ ਅਜੇ ਤਕ ਇਨ੍ਹਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਰੈਗੂਲਰ ਨਹੀਂ ਕੀਤਾ ਜਾ ਰਿਹਾ ਅਤੇ ਇਹੀ ਕਿਹਾ ਜਾ ਰਿਹਾ ਹੈ ਕਿ ਕਾਰਵਾਈ ਚੱਲ ਰਹੀ ਹੈ।
ਇਸ ਮੌਕੇ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਅਸ਼ਪ੍ਰੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਮੈਰੀਟੋਰੀਅਸ ਸਕੂਲਾਂ ਦੇ ਪ੍ਰੈਜ਼ੀਡੈਂਟ ਹਨ ਪਰੰਤੂ ਉਨ੍ਹਾਂ ਨੇ ਇਨ੍ਹਾਂ ਅਧਿਆਪਕਾਂ ਨਾਲ ਇਕ ਵੀ ਮੀਟਿੰਗ ਕਰਨੀ ਉਚਿੱਤ ਨਹੀਂ ਸਮਝੀ ਅਤੇ ਨਾ ਹੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਉਨ੍ਹਾਂ ਦੀ ਕੋਈ ਸਾਰ ਲਈ। ਉਨ੍ਹਾਂ ਕਿਹਾ ਕਿ ਹੁਣ ਸਾਡੇ ਸਬਰ ਦਾ ਪਿਆਲਾ ਟੁੱਟ ਚੁੱਕਿਆ ਹੈ।
ਜੇਕਰ ਸਰਕਾਰ ਹੁਣ ਵੀ ਮੈਰੀਟੋਰੀਅਸ ਅਧਿਆਪਕਾਂ ਦੀਆਂ ਮੰਗਾਂ ਹੱਲ ਨਾ ਕਰ ਪਾਈ ਤਾਂ ਸੰਘਰਸ਼ ਦੇ ਤਿੱਖੇ ਰਾਹ ਪਿਆ ਜਾਵੇਗਾ। ਅਧਿਆਪਕਾਂ ਨੇ ਕਿਹਾ ਕਿ ਸਬ-ਕੈਬਨਿਟ ਕਮੇਟੀ ਦੀ ਮੀਟਿੰਗ ਅੱਗੇ ਦੀ ਅੱਗੇ ਪਾ ਦਿੱਤੀ ਜਾਂਦੀ ਹੈ ਅਤੇ ਜੇਕਰ ਹੁਣ ਮਿਥੇ ਸਮੇਂ ’ਤੇ ਬੈਠਕ ’ਚ ਕੋਈ ਸਾਰਥਿਕ ਸਿੱਟਾ ਨਹੀਂ ਨਿਕਲਦਾ ਤਾਂ ਉਨ੍ਹਾਂ ਨੂੰ ਮਜ਼ਬੂਰਨ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਾ ਪਵੇਗਾ ਅਤੇ ਸੰਘਰਸ਼ ਦੌਰਾਨ ਜੋ ਵੀ ਸਿੱਟੇ ਨਿਕਲਣਗੇ, ਉਸ ਪ੍ਰਤੀ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ।
Leave a Reply