ਨਗਰ ਨਿਗਮ ਕਪੂਰਥਲਾ ਵਲੋਂ ਵਪਾਰਕ ਜਾਇਦਾਦਾਂ ਨੂੰ ਪ੍ਰਾਪਰਟੀ ਟੈਕਸ ਤੁਰੰਤ ਜਮ੍ਹਾਂ ਕਰਵਾਉਣ ਦੇ ਹੁਕਮ

ਨਗਰ ਨਿਗਮ ਕਪੂਰਥਲਾ ਵਲੋਂ ਵਪਾਰਕ ਜਾਇਦਾਦਾਂ ਨੂੰ ਪ੍ਰਾਪਰਟੀ ਟੈਕਸ ਤੁਰੰਤ ਜਮ੍ਹਾਂ ਕਰਵਾਉਣ ਦੇ ਹੁਕਮ
ਕਪੂਰਥਲਾ - ਨਗਰ ਨਿਗਮ ਕਪੂਰਥਲਾ ਵਲੋਂ ਸ਼ਹਿਰ ਦੀਆਂ ਵੱਖ-ਵੱਖ ਵਪਾਰਕ ਇਮਾਰਤਾਂ ਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਪ੍ਰਾਪਰਟੀ ਟੈਕਸ ਨਾ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਜੇਕਰ ਇਨ੍ਹਾਂ ਇਮਾਰਤਾਂ ਦੇ ਮਾਲਕਾਂ ਵਲੋਂ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਇਆ ਗਿਆ ਤਾਂ ਪ੍ਰਾਪਰਟੀ ਟੈਕਸ ਜੁਰਮਾਨੇ ਅਤੇ ਵਿਆਜ਼ ਸਮੇਤ ਵਸੂਲਣ ਦੀ ਵਿਵਸਥਾ ਹੈ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਟੈਕਸ ਨਾ ਜਮ੍ਹਾਂ ਕਰਵਾਉਣ ਦੀ ਸੂਰਤ ਵਿਚ ਇਮਾਰਤਾਂ ਨੂੰ ਸੀਲ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲੋਕ ਪ੍ਰਾਪਰਟੀ ਟੈਕਸ ਭਰਣ ਸਮੇਂ ਪਿਛਲੇ ਸਾਲ ਦੀ ਰਸੀਦ ਲੈ ਕੇ ਆਉਣ। ਉਨ੍ਹਾਂ ਇਹ ਵੀ ਦੱਸਿਆ ਕਿ ਨਗਰ ਨਿਗਮ ਵਲੋਂ ਕੁਝ ਸ਼੍ਰੇਣੀਆਂ ਨੂੰ ਪ੍ਰਾਪਰਟੀ ਟੈਕਸ ਸਬੰਧੀ ਪੂਰਨ ਜਾਂ ਅੰਸ਼ਿਕ ਛੋਟ ਹੈ। ਇਨ੍ਹਾਂ ਵਿਚ ਸੁਤੰਤਰਤਾ ਸੰਗ੍ਰਾਮੀ ਜਿਨਾਂ ਨੂੰ ਕੇਂਦਰ ਜਾਂ ਰਾਜ ਸਰਕਾਰ ਤੋਂ ਪੈਨਸ਼ਨ ਮਿਲਦੀ ਹੋਵੇ, ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਵਿਅਕਤੀ ਜਿਨ੍ਹਾਂ ਕੋਲ ਇਸ ਸਬੰਧੀ ਜਾਰੀ ਕੀਤਾ ਗਿਆ ਲੋੜੀਂਦਾ ਪ੍ਰਮਾਣ ਹੋਵੇ ਅਤੇ ਫੌਜੀ/ਸਾਬਕਾ ਫੌਜੀਆਂ ਨੂੰ ਪੂਰੀ ਛੋਟ ਦਿੱਤੀ ਜਾਵੇਗੀ।