ਕਵੀ ਜਗਜੀਤ ਸਿੰਘ ਖਹਿਰਾ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਕਵੀ ਜਗਜੀਤ ਸਿੰਘ ਖਹਿਰਾ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਤਰਨਤਾਰਨ : ਮਾਂ ਬੋਲੀ ਜਗਤ ਪੰਜਾਬੀ ਸਭਾ ਕੈਨੇਡਾ ਦੀ ਪੰਜਾਬ ਇਕਾਈ ਵੱਲੋਂ ਜਗਤ ਪੰਜਾਬੀ ਸਭਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਸਾਂਝੇ ਯਤਨਾਂ ਨਾਲ ਸੇਂਟ ਵਾਰੀਅਰਜ਼ ਸਕੂਲ ਕਾਦੀਆਂ ਵਿਖੇ ਸੂਬਾ ਪੱਧਰੀ ਸਾਹਿਤਕ ਸੰਮੇਲਨ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ ਸੀ।

ਇਸ ਵਿਚ ਜ਼ਿਲ੍ਹਾ ਗੁਰਦਾਸਪੁਰ ਤੋਂ ਇਲਾਵਾ 12 ਜ਼ਿਲ੍ਹਿਆਂ ਤੋਂ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਲਗਪਗ 80 ਦੇ ਕਰੀਬ ਸਾਹਿਤਕਾਰ, ਕਹਾਣੀਕਾਰ, ਕਵੀ, ਗਾਇਕ, ਫਿਲਮੀ ਅਦਾਕਾਰ, ਅਦਾਕਾਰ, ਨਿਰਦੇਸ਼ਕ, ਅਧਿਆਪਕਾਂ ਸਮੇਤ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਵਾਲੀਆਂ ਸੰਸਥਾਵਾਂ ਦੇ ਮੁਖੀਆਂ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ 12 ਸ਼ਖ਼ਸੀਅਤਾਂ ਨੂੰ ਉਨ੍ਹਾਂ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਪਾਏ ਆਪਣੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਮੁੱਖ ਮਹਿਮਾਨ ਬਾਲ ਮੁਕੰਦ ਸ਼ਰਮਾ ਚੇਅਰਮੈਨ ਸਟੇਟ ਫੂਡ ਕਮਿਸ਼ਨ, ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ, ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ. ਹਰਜਿੰਦਰ ਸਿੰਘ ਬੇਦੀ, ਮਾਂ ਬੋਲੀ ਜਗਤ ਪੰਜਾਬੀ ਸਭਾ ਕੈਨੇਡਾ ਦੇ ਪੰਜਾਬ ਪ੍ਰਧਾਨ ਮੁਕੇਸ਼ ਵਰਮਾ, ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਵੱਲੋਂ ਕਵੀ ਜਗਜੀਤ ਸਿੰਘ ਖਹਿਰਾ ਮੁੱਖ ਅਧਿਆਪਕ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਤੱਖ਼ਤ ਮੱਲ ਨੂੰ ਉਨ੍ਹਾਂ ਵੱਲੋਂ ਆਪਣੀਆਂ ਰਚਨਾਵਾਂ ਰਾਹੀਂ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੇ ਬਦਲੇ ਸਨਮਾਨ ਪੱਤਰ ਅਤੇ ਪੰਜਾਬੀ ਵਰਣਮਾਲਾ ਵਾਲਾ ਸੁੰਦਰ ਸ਼ਾਲ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।