ਖਿਡਾਰਨ ਮੰਜੂ ਰਾਣੀ ਦੇ ਪਿਤਾ ਨੂੰ ਡਿਪਟੀ ਕਮਿਸ਼ਨਰ ਨੇ ਸੌਂਪਿਆ 1 ਲੱਖ ਰੁੱਪਏ ਦਾ ਚੈੱਕ
ਮਾਨਸਾ : ਹਰਿਆਣਾ ਦੀ ਹੱਦ ਨਾਲ ਲੱਗਦੇ ਪੰਜਾਬ ਦੇ ਪਿੰਡ ਖੈਰਾ ਖੁਰਦ ਦੀ ਚੀਨ ਦੇ ਹਾਂਗਜੂ ‘ਚ ਹੋਈਆਂ ਏਸ਼ੀਅਨ ਖੇਡਾਂ ’ਚੋਂ ਕਾਂਸੇ ਦਾ ਤਗਮਾ ਲਿਆਉਣ ਅਤੇ ਭਵਿੱਖ ‘ਚ ਹੋਰ ਜਿੱਤਾਂ ਹਾਸਲ ਕਰਨ ਲਈ ਲਗਾਤਾਰ ਮਿਹਨਤ ਕਰ ਰਹੀ ਮੰਜੂ ਰਾਣੀ ਦੇ ਪਿਤਾ ਜਗਦੀਸ਼ ਰਾਮ ਨੂੰ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਆਈਏਐਸ ਵੱਲੋਂ 1 ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ ਹੈ। ਇਸ ਸਮੇਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਆਈਏਐਸ ਨੇ ਕਿਹਾ ਕਿ ਖਿਡਾਰਣ ਦੀ ਪ੍ਰਤਿਭਾ ਨੂੰ ਅੱਗੇ ਲਿਆਉਣ, ਉਸਨੂੰ ਨਿਖਾਰਣ ਅਤੇ ਉਨ੍ਹਾਂ ਦਾ ਮਨੋਬਲ ਉੱਚਾ ਚੁੱਕਣ ਲਈ ਹਰੇਕ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਖਿਡਾਰੀ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਆਪਣੇ ਜ਼ਿਲ੍ਹੇ ਅਤੇ ਸੂਬੇ ਦਾ ਨਾਮ ਦੁਨੀਆ ਭਰ ਵਿੱਚ ਰੋਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਏਸ਼ੀਅਨ ਗੇਮਜ਼ ਦੇ ਅਥਲੈਟਿਕਸ ਪੈਦਲ ਚਾਲ (ਰੇਸ ਵਾਕ) ਮੁਕਾਬਲਿਆਂ ਵਿੱਚ ’ਚ ਕਾਂਸੇ ਦਾ ਤਮਗਾ ਹਾਸਿਲ ਕਰਨ ਵਾਲੀ ਖਿਡਾਰਣ ਮੰਜੂ ਰਾਣੀ ਲਗਾਤਾਰ ਮਿਹਨਤ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਚੈਕ ਤਲਵੰਡੀ ਸਾਬੋ ਪਾਵਰ ਲਿਮਟਿਡ ਵੱਲੋਂ ਮੰਜੂ ਰਾਣੀ ਨੂੰ ਸੀਐਸਆਰ ਅਧੀਨ ਖੇਡ ਸਕਾਲਰਸ਼ਿਪ ਤਹਿਤ ਪ੍ਰਦਾਨ ਕੀਤਾ ਗਿਆ ਹੈ ਤਾਂ ਜੋ ਉਹ ਆਪਣੀ ਤਿਆਰੀ ਵਧੀਆ ਢੰਗ ਨਾਲ ਕਰ ਸਕੇ। ਉਨ੍ਹਾਂ ਕਿਹਾ ਕਿ ਮੰਜੂ ਰਾਣੀ ਨੇ ਆਪਣੀ ਮਿਹਨਤ ਸਦਕਾ ਮਾਨਸਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਖਹਿਰਾ ਖੁਰਦ ਤੋਂ ਉੱਠ ਕੇ ਦੁਨੀਆਂ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਂਦਿਆਂ ਇਹ ਸਾਬਿਤ ਕੀਤਾ ਹੈ ਕਿ ਜੇਕਰ ਦ੍ਰਿੜ ਨਿਸ਼ਚਾ ਕਰ ਲਿਆ ਜਾਵੇ ਤਾਂ ਕੋਈ ਵੀ ਰੁਕਾਵਟ ਤੁਹਾਨੂੰ ਆਪਣੀ ਮੰਜ਼ਿਲ ਸਰ ਕਰਨ ਤੋਂ ਨਹੀਂ ਰੋਕ ਸਕਦੀ। ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਚੀਫ਼ ਓਪਰੇਟਿੰਗ ਅਫ਼ਸਰ ਪੰਕਜ ਸ਼ਰਮਾ ਨੇ ਦੱਸਿਆ ਕਿ ਟੀ.ਐਸ.ਪੀ.ਐਲ. ਵੱਲੋਂ ਖਿਡਾਰੀਆਂ ਨੂੰ ਪ੍ਰੋਤਸਾਹਿਤ ਕਰਨ ਲਈ ਹਮੇਸ਼ਾਂ ਅਜਿਹੇ ਉਪਰਾਲੇ ਕੀਤੇ ਜਾਂਦੇ ਹਨ। ਉਨ੍ਹਾਂ ਖਿਡਾਰਨ ਮੰਜੂ ਰਾਣੀ ਨੂੰ ਅਗਲੇਰੀਆਂ ਖੇਡਾਂ ਵਿੱਚ ਹੋਰ ਵੀ ਚੰਗਾ ਪ੍ਰਦਰਸ਼ਨ ਕਰਨ ਲਈ ਸੁਭ ਇੱਛਾਵਾਂ ਦਿੱਤੀਆਂ। ਖਿਡਾਰਣ ਮੰਜੂ ਰਾਣੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਇਸ ਸਮੇਂ ਬੰਗਲੌਰ ਵਿਖੇ ਤਿਆਰੀ ਕਰ ਰਹੇ ਹਨ ਅਤੇ ਇਸ ਉਪਰੰਤ ਉਹ ਊਂਟੀ ਵਿਖੇ ਏਸ਼ੀਅਨ ਚੈਂਪੀਅਨਸ਼ਿਪ 2025 ਲਈ ਤਿਆਰੀ ਕਰਨਗੇ। ਉਨ੍ਹਾਂ ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਜੀ ਦਾ ਵਿਸੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਮੇਂ ਸਮੇਂ ’ਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਦੇ ਰਹਿੰਦੇ ਹਨ। ਇਸ ਮੌਕੇ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਸੀ.ਐਚ.ਆਰ.ਓ. ਅਭਿਲਾਸ਼ਾ ਮਾਲਵੀਯਾ, ਡਿਪਟੀ ਹੈਡ ਸੀ.ਐਸ.ਆਰ. ਅਬਦੁਸ ਸੱਤਾਰ ਅਤੇ ਪੀ.ਆਰ. ਸੁਰਜੀਤ ਮੌਜੂਦ ਸਨ।
Leave a Reply