ਮੱਧ ਪ੍ਰਦੇਸ਼ ਵਿਚ ਸਿੱਖਾਂ ਦੇ ਘਰ ਢਾਹੁਣ ਸਬੰਧੀ ਸਰਕਾਰ ਵੱਲੋਂ ਜਾਂਚ ਕਮੇਟੀ ਗਠਿਤ: ਭਾਈ ਗਰੇਵਾਲ

06

January

2020

ਅੰਮ੍ਰਿਤਸਰ: ਸਿੱਖਾਂ ਦੇ ਰੋਹ ਅੱਗੇ ਝੁਕਦਿਆਂ ਮੱਧ ਪ੍ਰਦੇਸ਼ ਅੰਦਰ ਸਿੱਖ ਪਰਵਿਾਰਾਂ ਨੂੰ ਉਜਾੜਨ ਦੇ ਮਾਮਲੇ ਦੀ ਸੂਬਾ ਸਰਕਾਰ ਵੱਲੋਂ ਜਾਂਚ ਦੇ ਅਦੇਸ਼ ਦੇ ਦਿੱਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ ਸ੍ਰੀ ਨਰਿੰਦਰ ਸਲੂਜਾ ਦੀ ਅਗਵਾਈ ਵਿਚ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਵਾ ਸਿੱਖਾਂ ਵਿਰੁੱਧ ਬਿਆਨਬਾਜ਼ੀ ਕਰਨ ਵਾਲੇ ਮੁਕੇਸ਼ ਨਾਂ ਦੇ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਨੇ ਸਿੱਖਾਂ ਵਿਰੁੱਧ ਘਟੀਆ ਬਿਆਨਬਾਜੀ ਕਰ ਕੇ ਸੋਸ਼ਲ ਮੀਡੀਆ ’ਤੇ ਪਾਈ ਸੀ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸ਼੍ਰੋਮਣੀ ਕਮੇਟੀ ਦਾ ਇੱਕ ਵਫਦ ਅੰਤ੍ਰਿੰਗ ਮੈਂਬਰ ਇੰਦਰਮੋਹਨ ਸਿੰਘ ਲਖਮੀਰਵਾਲਾ ਦੀ ਅਗਵਾਈ ਵਿਚ ਮੱਧ ਪ੍ਰਦੇਸ਼ ਭੇਜਿਆ ਗਿਆ ਹੈ, ਜਿਸ ਵਿਚ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਮੀਤ ਸਕੱਤਰ ਸ. ਤੇਜਿੰਦਰ ਸਿੰਘ ਪੱਡਾ ਵੀ ਸ਼ਾਮਲ ਹਨ। ਮੱਧ ਪ੍ਰਦੇਸ਼ ਤੋਂ ਭਾਈ ਗਰੇਵਾਲ ਨੇ ਜਾਣਕਾਰੀ ਦਿੱਤੀ ਹੈ ਕਿ ਬੀਤੇ ਦਿਨ ਵੱਡੀ ਗਿਣਤੀ ਵਿਚ ਕਰਹਲ ਦੇ ਗੁਰਦੁਆਰਾ ਸਾਹਿਬ ਅੰਦਰ ਸਿੱਖਾਂ ਦਾ ਇਕੱਠ ਜੁੜਿਆ ਸੀ ਜਿਸ ਨੇ ਸਰਕਾਰ ਦੀਆਂ ਵਧੀਕੀਆਂ ਵਿਰੁੱਧ ਸਖਤ ਰੋਸ ਪ੍ਰਗਟ ਕੀਤਾ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਫਦ ਅਤੇ ਸਥਾਨਕ ਸਿੱਖਾਂ ਵੱਲੋਂ ਮੱਧ ਪ੍ਰਦੇਸ਼ ’ਚ ਜਿਲ੍ਹਾ ਸ਼ਿਓਪੁਰ ਦੇ ਕੁਲੈਕਟਰ ਲਈ ਤਹਿਸੀਲਦਾਰ, ਐਐਸਪੀ ਤੇ ਹੋਰ ਅਧਿਕਾਰੀਆਂ ਨੂੰ ਮਘ ਪੱਤਰ ਦੇ ਕੇ ਸਿੱਖਾਂ ਨਾਲ ਕੀਤੇ ਗਏ ਧੱਕੇ ਦਾ ਇਨਸਾਫ ਕਰਨ ਲਈ ਕਿਹਾ ਸੀ। ਇਸ ਦੇ ਨਾਲ ਹੀ ਸਿੱਖਾਂ ਨੂੰ ਮੰਦ ਸ਼ਬਦ ਬੋਲਣ ਤੇ ਸੋਸ਼ਲ ਮੀਡੀਆ ਉਤੇ ਫੈਲਾਉਣ ਵਾਲੇ ਮੁਕੇਸ਼ ਮਲਹੋਤਰਾ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਵੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ 40 ਸਾਲਾਂ ਤੋਂ ਆਬਾਦ ਸਿੱਖਾਂ ਦੇ ਘਰ ਢਾਹੁਣ ਲੱਗਿਆਂ ਕਿਸੇ ਤਰ੍ਹਾਂ ਦੀ ਅਪੀਲ ਦਲੀਲ ਨਹੀਂ ਸੁਣੀ ਗਈ ਸੀ।ਹੁਣ ਸਰਕਾਰ ਨੇ ਸਿੱਖਾਂ ਦੇ ਰੋਹ ਨੂੰ ਵੇਖਦਿਆਂ ਜਾਂਚ ਕਮੇਟੀ ਬਣਾ ਦਿੱਤੀ ਹੈ ਜੋ ਪੀੜਤ ਸਿੱਖਾਂ ਤੱਕ ਪਹੁੰਚ ਕਰੇਗੀ। ਭਾਈ ਗਰੇਵਾਲ ਨੇ ਜਾਣਕਾਰੀ ਦਿੱਤੀ ਕਿ ਸਰਕਾਰ ਨੇ ਸਿੱਖਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਰੋਕਣ ਦੇ ਹੁਕਮ ਵੀ ਜਾਰੀ ਕੀਤੇ ਹਨ ਅਤੇ ਘਰ ਢਾਹੁਣ ਦੀ ਕਾਰਵਾਈ ਦੀ ਰਿਪੋਰਟ ਮੰਗੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪੀੜਤ ਸਿੱਖਾਂ ਦੇ ਨਾਲ ਹੈ ਅਤੇ ਭਵਿੱਖ ਅੰਦਰ ਉਨ੍ਹਾਂ ਤੱਕ ਮੁੜ ਪਹੁੰਚ ਬਣਾਉਣ ਲਈ ਵੀ ਵੱਚਨਬੱਧ ਹੈ।