ਸਾਬਕਾ ਅਕਾਲੀ ਸਰਪੰਚ ਬਾਬਾ ਗੁਰਦੀਪ ਸਿੰਘ ਕਤਲ ਮਾਮਲਾ : ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਅੱਜ ਹੋਵੇਗੀ ਮੀਟਿੰਗ

03

January

2020

ਚੰਡੀਗੜ੍ਹ : ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕਾ ਮਜੀਠਾ ਦੇ ਨੇੜਲੇ ਪਿੰਡ ਉਮਰਪੁਰਾ ਦੇ ਸਾਬਕਾ ਅਕਾਲੀ ਸਰਪੰਚ ਬਾਬਾ ਗੁਰਦੀਪ ਸਿੰਘ ਦਾ ਕੱਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ,ਜਿਸ ਤੋਂ ਬਾਅਦ ਇਹ ਮਾਮਲਾ ਭਖ ਗਿਆ ਹੈ। ਜਿਸ ਨੂੰ ਲੈ ਕੇ ਅੱਜ ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ਹੋਵੇਗੀ ਅਤੇ ਇਹ ਮੀਟਿੰਗ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਹੋਵੇਗੀ।ਇਸ ਮੀਟਿੰਗ ਵਿੱਚ ਸਾਬਕਾ ਅਕਾਲੀ ਸਰਪੰਚ ਗੁਰਦੀਪ ਸਿੰਘ ਦੇ ਕਤਲ ਮਾਮਲੇ ‘ਤੇ ਚਰਚਾ ਦੀ ਹੋਣ ਦੀ ਸੰਭਾਵਨਾ ਹੈ ਅਤੇ ਪੰਜਾਬ ਸਰਕਾਰ ਨੂੰ ਘੇਰਨ ਲਈ ਰਣਨੀਤੀ ਉਲੀਕੀ ਜਾਵੇਗੀ। ਇਸ ਦੌਰਾਨ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਗੁੰਡਾ ਅਨਸਰ ਅਕਾਲੀ ਆਗੂਆਂ ਨੂੰ ਧਮਕੀਆਂ ਦੇ ਰਹੇ ਹਨ। ਇਸ ਤੋਂ ਪਹਿਲਾਂ ਪਿੰਡ ਢਿੱਲਵਾਂ ਦੇ ਸਾਬਕਾ ਸਰਪੰਚ ਤੇ ਅਕਾਲੀ ਲੀਡਰ ਦਲਬੀਰ ਸਿੰਘ ਢਿੱਲਵਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ।ਇਸ ਬਾਰੇ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੇਰੇ ਬਹੁਤ ਨਜ਼ਦੀਕੀ ਦੋਸਤ ਬਾਬਾ ਗੁਰਦੀਪ ਸਿੰਘ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਇਹ ਰਾਜਨੀਤਕ ਕਤਲ ਹੈ ਜੋ ਕਾਂਗਰਸ ਦੀ ਸ਼ਹਿ ਹੇਠ ਹੋਇਆ ਹੈ। ਇਹ ਉਸੇ ਸਿਆਸਤ ਤੇ ਗੈਂਗਸਟਰਾਂ ਦੇ ਗੱਠਜੋੜ ਕਾਰਨ ਹੋਇਆ, ਜਿਸ ‘ਤੇ ਅਸੀਂ ਚਿੰਤਾ ਜ਼ਾਹਰ ਕਰਦੇ ਸੀ। ਉਹ ਇੱਕ ਧਾਰਮਿਕ ਵਿਅਕਤੀ ਸੀ। ਉਹ 5 ਸਾਲ ਪਹਿਲਾਂ ਸਰਪੰਚ ਵੀ ਰਿਹਾ ਸੀ ਤੇ ਇਸ ਵਾਰ ਉਸ ਦੀ ਪਤਨੀ ਸਰਪੰਚ ਹੈ।