ਮੋਹਾਲੀ ਦੇ ਖਰੜ ‘ਚ ਮਹਿਲਾ ਟੀਚਰ ਦੀ ਹੱਤਿਆ ਦਾ ਮਾਮਲਾ ,ਪੁਲਿਸ ਨੇ ਕੀਤਾ ਵੱਡਾ ਖੁਲਾਸਾ

11

December

2019

ਮੋਹਾਲੀ : ਮੋਹਾਲੀ ਦੇ ਖਰੜ ਵਿੱਚ ਬੀਤੇ ਦਿਨੀਂ ਇੱਕ ਨਿੱਜੀ ਸਕੂਲ ਦੀ ਮਹਿਲਾ ਟੀਚਰ ਸਰਬਜੀਤ ਕੌਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਕਾਰਨ ਸਕੂਲ ਦੀ ਅਧਿਆਪਕਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਇਸ ਦੌਰਾਨ ਮੁਲਜ਼ਮ ਸਕੂਲ ਦੇ ਅਧਿਆਪਕ ਨੂੰ ਸਕੂਲ ਦੇ ਬਾਹਰ ਗੋਲੀਆਂ ਮਾਰ ਕੇ ਫਰਾਰ ਹੋ ਗਿਆ ਸੀ। ਹੁਣ ਇਸ ਮਾਮਲੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਅਤੇ ਇਸ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ। ਇਸ ਮਾਮਲੇ ਵਿੱਚ ਖਰੜ ਪੁਲਿਸ ਨੇ ਮਹਿਲਾ ਅਧਿਆਪਕ ਸਰਬਜੀਤ ਕੌਰ ਦੇ ਕਤਲ ਦੇ ਦੋਸ਼ ‘ਚ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਮੁੱਖ ਦੋਸ਼ੀ ਹਰਵਿੰਦਰ ਸਿੰਘ ਸੰਧੂ ਦੀ ਮਾਂ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਮਹਿਲਾ ਅਧਿਆਪਕ ਸਰਬਜੀਤ ਕੌਰ 6 ਸਾਲਾਂ ਤੋਂ ਹਰਵਿੰਦਰ ਸਿੰਘ ਸੰਧੂ ਨਾਲ ਲਿਵ ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੀ ਸੀ ਅਤੇ ਸਰਬਜੀਤ ਕੌਰ ਜ਼ਿੱਦ ਕਰ ਰਹੀ ਸੀ ਕਿ ਹਰਵਿੰਦਰ ਉਸ ਨਾਲ ਵਿਆਹ ਕਰੇ ਪਰ ਹਰਵਿੰਦਰ ਪਹਿਲਾਂ ਹੀ ਵਿਆਹੁਤਾ ਸੀ ਅਤੇ ਉਸ ਦੀਆਂ 2 ਧੀਆਂ ਸਨ, ਇਸ ਕਾਰਨ ਉਹ ਤਿਆਰ ਨਹੀਂ ਸੀ। ਇਸ ਕਰਕੇ ਮਾਂ-ਪੁੱਤ ਨੇ ਮਿਲ ਕੇ ਸਰਬਜੀਤ ਦੇ ਕਤਲ ਦੀ ਸਾਜਿਸ਼ ਰਚੀ ਅਤੇ ਫਿਰ 5 ਦਸੰਬਰ ਨੂੰ ਕਾਰ ‘ਚ ਆਏ ਦੋਸ਼ੀਆਂ ਨੇ ਸੰਨੀ ਇਨਕਲੇਵ ‘ਚ ਸਥਿਤ ਸਕੂਲ ਬਾਹਰ ਸਰਬਜੀਤ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਪੁਲਿਸ ਮੁਤਾਬਕ ਸਿੰਦਰ ਕੌਰ ਜੋ ਫਰਾਂਸ ‘ਚ ਰਹਿ ਰਹੀ ਸੀ, ਇਸੇ ਸਾਲ ਅਕਤੂਬਰ ‘ਚ ਭਾਰਤ ਆਈ ਸੀ। ਉਸ ਨੇ ਹਰਵਿੰਦਰ ਸਿੰਘ ਦੀ ਪਤਨੀ ਕਰਮਜੀਤ ਕੌਰ ਨੂੰ ਕਰੀਬ ਇਕ ਮਹੀਨਾ ਪਹਿਲਾਂ ਹੀ ਵਿਦੇਸ਼ ਭੇਜ ਦਿੱਤਾ ਸੀ ਤਾਂ ਜੋ ਇਹ ਭੇਦ ਨਾ ਖੁੱਲ ਜਾਵੇਂ। ਦੱਸ ਦੇਈਏ ਕਿ ਪੁਲਿਸ ਜਾਂਚ ਮੁਤਾਬਕ ਹਰਵਿੰਦਰ ਸਿੰਘ ਨੇ ਪਿਛਲੇ ਮਹੀਨੇ ਆਪਣਾ ਘਰ ਛੱਡ ਦਿੱਤਾ ਸੀ ਅਤੇ ਉਸ ਨੇ ਕਿਹਾ ਸੀ ਕਿ ਉਹ ਪੂਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹੀ ਘਰ ਵਾਪਸ ਆਵੇਗਾ ਪਰ ਹਰਵਿੰਦਰ ਸਿੰਘ ਅਜੇ ਫ਼ਰਾਰ ਹੈ ਅਤੇ ਉਸ ਦਾ ਫੋਨ ਵੀ ਇਕ ਮਹੀਨੇ ਤੋਂ ਬੰਦ ਆ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁੱਖ ਦੋਸ਼ੀ ਹਰਵਿੰਦਰ ਸਿੰਘ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।