ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਨਲਾਈਨ ਅਪਲਾਈ ਕਰਨ ਵਾਲੇ ਸ਼ਰਧਾਲੂਆਂ ਤੋਂ ਸੁਵਿਧਾ ਫੀਸ ਵਸੂਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ: ਕੈਪਟਨ ਅਮਰਿੰਦਰ ਸਿੰਘ

02

December

2019

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਨਲਾਈਨ ਅਪਲਾਈ ਕਰਨ ਵਾਲੇ ਸ਼ਰਧਾਲੂਆਂ ਤੋਂ ਸੁਵਿਧਾ ਫੀਸ ਵਸੂਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ: ਕੈਪਟਨ ਅਮਰਿੰਦਰ ਸਿੰਘ ਸ਼ਰਧਾਲੂਆਂ ਤੋਂ ਪੈਸਾ ਵਸੂਲਣ ਸਬੰਧੀ ਸੇਵਾ ਕੇਂਦਰਾਂ ਦੀ ਸ਼ਿਕਾਇਤ ਸਿੱਧੇ ਤੌਰ ’ਤੇ ਮੁੱਖ ਮੰਤਰੀ ਦਫ਼ਤਰ ਨੂੰ ਕੀਤੀ ਜਾਵੇ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਵੱਲੋਂ ਸਥਾਪਤ ਕੀਤੇ ਸੇਵਾ ਕੇਂਦਰਾਂ ਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਨ ਲਾਈਨ ਅਪਲਾਈ ਕਰਨ ਵਾਲੇ ਸ਼ਰਧਾਲੂਆਂ ਤੋਂ ਕੋਈ ਵੀ ਪੈਸਾ ਨਹੀਂ ਵਸੂਲਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਜੇਕਰ ਕੋਈ ਫੀਸ ਦਾ ਭੁਗਤਾਨ ਕਰਨ ਲਈ ਕਹਿੰਦਾ ਹੈ ਤਾਂ ਇਸ ਬਾਰੇ ਸਿੱਧੇ ਤੌਰ ’ਤੇ ਉਨਾਂ ਦੇ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ। ਸੇਵਾ ਕੇਂਦਰਾਂ ਵਿਖੇ ਆਨਲਾਈਨ ਪੋਰਟਲ ਰਾਹੀਂ ਅਪਲਾਈ ਕਰਨ ਲਈ ਸਹੂਲਤ ਫੀਸ ਵਜੋਂ ਸ਼ਰਧਾਲੂਆਂ ਤੋਂ ਵਸੂਲੀ ਕੀਤੇ ਜਾਣ ਦੀਆਂ ਰਿਪੋਰਟਾਂ ’ਤੇ ਆਪਣਾ ਪ੍ਰਤੀਕਰਮ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ਰਧਾਲੂਆਂ ਤੋਂ ਕਿਸੇ ਤਰਾਂ ਦੀ ਵਸੂਲੀ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਅਪਲਾਈ ਕਰਨ ਦੀ ਪ੍ਰਕਿਰਿਆ ਪੂਰੀ ਤਰਾਂ ਮੁਫ਼ਤ ਹੈ। ਕਰਤਾਰਪੁਰ ਲਾਂਘੇ ਰਾਹੀਂ ਇਤਿਹਾਸਕ ਗੁਰਦੁਆਰੇ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਵਾਸਤੇ ਪਾਕਿਸਤਾਨ ਸਰਕਾਰ ਵੱਲੋਂ ਲਾਈ ਗਈ 20 ਡਾਲਰ ਦੀ ਫੀਸ ਦੀ ਨਿੱਜੀ ਤੌਰ ’ਤੇ ਮੁਖਾਲਫ਼ਤ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਉਦੇਸ਼ ਲਈ ਕਿਸੇ ਤਰਾਂ ਦੀ ਫੀਸ ਵਸੂਲਣੀ ਸਿੱਖ ਸਿਧਾਂਤਾਂ ਦੇ ਖਿਲਾਫ਼ ਹੈ। ਉਨਾਂ ਕਿਹਾ ਕਿ ਭਾਰਤ, ਕਿਸੇ ਵੀ ਧਾਰਮਿਕ ਅਸਥਾਨ ਦੇ ਦਰਸ਼ਨਾਂ ਲਈ ਪਾਕਿਸਤਾਨ ਸਮੇਤ ਕਿਸੇ ਵੀ ਮੁਲਕ ਤੋਂ ਆਉਣ ਵਾਲੇ ਸ਼ਰਧਾਲੂਆਂ ਤੋਂ ਕੋਈ ਫੀਸ ਨਹੀਂ ਲੈਂਦਾ। ਕੈਪਟਨ ਨੇ ਕਿਹਾ ਕਿ ਸੇਵਾ ਕੇਂਦਰਾਂ ਨੂੰ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੇ ਚਾਹਵਾਨਾਂ ਨੂੰ ਸਹੂਲਤ ਅਤੇ ਆਨ ਲਾਈਨ ਐਪਲੀਕੇਸ਼ਨਾਂ ਦੀ ਪ੍ਰਕਿਰਿਆ ਸਬੰਧੀ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਇਨਾਂ ਦਿਸ਼ਾ-ਨਿਰਦੇਸ਼ਾਂ ਵਿੱਚ ਕੋਈ ਸਹੂਲਤ ਫੀਸ ਸ਼ਾਮਲ ਨਹੀਂ ਕੀਤੀ ਗਈ ਸੀ। ਇਨਾਂ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਉਹ ਗੰਭੀਰਤਾ ਨਾਲ ਨੋਟਿਸ ਲੈਣਗੇ।