ਪ੍ਰੇਮ ਸਿੰਘ ਚੰਦੂਮਾਜਰਾ ਨੇ ਰੋਪੜ ਅਤੇ ਮੁਹਾਲੀ ਦੇ ਡਿਪਟੀ ਕਮਿਸ਼ਨਰਾਂ ਨੂੰ ਗੈਰਕਾਨੂੰਨੀ ਰੇਤ ਮਾਈਨਿੰਗ ਕਰ ਰਹੇ ਕਾਂਗਰਸੀ ਆਗੂਆਂ ਖ਼ਿਲਾਫ ਕਾਰਵਾਈ ਕਰਨ ਲਈ ਕਿਹਾ

20

November

2019

:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਨੰਗਲ, ਖਰੜ ਅਤੇ ਜ਼ੀਰਕਪੁਰ-ਡੇਰਾ ਬੱਸੀ ਖੇਤਰਾਂ ਵਿਚ ਗੈਰਕਾਨੂੰਨੀ ਰੇਤ ਮਾਈਨਿੰਗ ਕਾਂਗਰਸੀ ਆਗੂਆਂ ਵੱਲੋਂ ਕਰਵਾਈ ਜਾ ਰਹੀ ਹੈ। ਪਾਰਟੀ ਦੇ ਰੋਪੜ ਅਤੇ ਮੁਹਾਲੀ ਦੇ ਡਿਪਟੀ ਕਮਿਸ਼ਨਰਾਂ ਨੂੰ ਇਹਨਾਂ ਆਗੂਆਂ ਦੀ ਸ਼ਨਾਖਤ ਕਰਕੇ ਉਹਨਾਂ ਖ਼ਿਲਾਫ ਕਾਰਵਾਈ ਕਰਨ ਲਈ ਆਖਿਆ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਸਾਂਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਹਾਲ ਹੀ ਵਿਚ ਛੱਤ ਪਿੰਡ ‘ਚੋਂ ਮਿਲੀ ਖੁਦਾਈ ਕਰਨ ਵਾਲੀ ਆਧੁਨਿਕ ਮਸ਼ੀਨ ਅਤੇ ਜ਼ੀਰਕਪੁਰ-ਡੇਰਾ ਬੱਸੀ ਖੇਤਰ ਵਿਚੋਂ ਜ਼ਿਲ੍ਹਾ ਪ੍ਰਸਾਸ਼ਨ ਨੂੰ ਗੁੰਡਾ ਟੈਕਸ ਵਸੂਲਣ ਦੀਆਂ ਮਿਲੀਆਂ ਸ਼ਿਕਾਇਤਾਂ, ਇਸ ਖੇਤਰ ਅੰਦਰ ਕਾਂਗਰਸੀ ਆਗੂਆਂ ਦੀ ਮਿਲੀਭੁਗਤ ਨਾਲ ਹੋ ਰਹੀ ਗੈਰਕਾਨੂੰਨੀ ਰੇਤ ਮਾਈਨਿੰਗ ਦਾ ਸਬੂਤ ਹਨ। ਉਹਨਾਂ ਕਿਹਾ ਕਿ ਸਟੋਨ ਕਰੱਸ਼ਰ ਮਾਲਕਾਂ ਦੁਆਰਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਰੇਤ ਮਾਫੀਆ ਉਹਨਾਂ ਕੋਲੋਂ 2 ਹਜ਼ਾਰ ਤੋਂ ਲੈ ਕੇ 8 ਹਜ਼ਾਰ ਰੁਪਏ ਪ੍ਰਤੀ ਟਰੱਕ ਗੁੰਡਾ ਟੈਕਸ ਵਸੂਲ ਰਿਹਾ ਹੈ। ਉਹਨਾਂ ਕਿਹਾ ਕਿ ਸ਼ਿਕਾਇਤ ਕਰਤਾਵਾਂ ਨੇ ਇਹ ਗੱਲ ਵੀ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦੀ ਹੈ ਕਿ ਰੇਤ ਮਾਫੀਆਂ ਦੇ ਮੈਂਬਰ ਇੱਕ ਪੁਲਿਸ ਸਟੇਸ਼ਨ ਦੇ ਬਿਲਕੁੱਲ ਨਜ਼ਦੀਕ ਬੈਠ ਕੇ ਗੁੰਡਾ ਟੈਕਸ ਲੈਂਦੇ ਹਨ, ਜੋ ਕਿ ਇਹ ਸੰਕੇਤ ਦਿੰਦਾ ਹੈ ਕਿ ਉਹਨਾਂ ਨੂੰ ਸਿਆਸੀ ਪੁਸ਼ਤਪਨਾਹੀ ਹਾਸਿਲ ਹੈ।ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਸਿਰਫ ਇੰਨਾ ਹੀ ਨਹੀਂ। ਇਲਾਕੇ ਵਿਚੋਂ ਗੈਰਕਾਨੂੰਨੀ ਰੇਤ ਮਾਈਨਿੰਗ ਦੀਆਂ ਬਹੁਤ ਜ਼ਿਆਦਾ ਸ਼ਿਕਾਇਤਾਂ ਮਿਲਣ ਮਗਰੋਂ ਕੱਲ੍ਹ ਮੁਹਾਲੀ ਜ਼ਿਲ੍ਹਾ ਪ੍ਰਸਾਸ਼ਨ ਨੇ ਪਿੰਡ ਛੱਤ ‘ਚੋਂ ਖੁਦਾਈ ਕਰਨ ਵਾਲੀ ਇੱਕ ਆਧੁਨਿਕ ਮਸ਼ੀਨ ਜ਼ਬਤ ਕੀਤੀ ਹੈ। ਉਹਨਾਂ ਕਿਹਾ ਕਿ ਵੱਡੀ ਮਾਤਰਾ ਵਿਚ ਰੇਤ ਦੀ ਖੁਦਾਈ ਕਰਨ ਵਾਲੀਆਂ ਇਹਨਾਂ ਮਸ਼ੀਨਾਂ ਦਾ ਸ਼ਰੇਆਮ ਇਸਤੇਮਾਲ ਹੋ ਰਿਹਾ ਸੀ, ਜਿਸ ਨੂੰ ਲੋਕਾਂ ਵੱਲੋਂ ਪਾਏ ਰੌਲੇ ਮਗਰੋਂ ਹੀ ਰੋਕਿਆ ਗਿਆ, ਇਹ ਇਸ ਗੱਲ ਦਾ ਸਬੂਤ ਹੈ ਕਿ ਇਹਨਾਂ ਗਤੀਵਿਧੀਆਂ ਦੇ ਪਿੱਛੇ ਸੱਤਾਧਾਰੀ ਕਾਂਗਰਸ ਪਾਰਟੀ ਦੇ ਆਗੂਆਂ ਦਾ ਹੱਥ ਹੈ। ਸਾਬਕਾਂ ਸਾਂਸਦ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਸੰਸਦੀ ਹਲਕੇ ਅੰਦਰ ਵੀ ਵੱਡੀ ਪੱਧਰ ਤੇ ਹੋ ਰਹੀ ਗੈਰਕਾਨੂੰਨੀ ਰੇਤ ਮਾਈਨਿੰਗ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਉਹਨਾਂ ਕਿਹਾ ਕਿ ਮੀਡੀਆ ਨੇ ਸਤਲੁਜ ਦਰਿਆ ਦੇ ਕੰਢੇ ਤੋਂ ਟਰਾਲੀਆਂ ਰਾਹੀਂ ਪੱਥਰਾਂ ਦੀ ਕੀਤੀ ਜਾ ਰਹੀ ਚੋਰੀ ਦੀਆਂ ਫੋਟੋਆਂ ਛਾਪ ਕੇ ਇਸ ਗਤੀਵਿਧੀ ਦਾ ਪਰਦਾਫਾਸ਼ ਕੀਤਾ ਹੈ। ਉਹਨਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਵੀ ਆਈਆਂ ਹਨ ਕਿ ਇਹਨਾਂ ਪੱਥਰਾਂ ਨੂੰ ਟਰਾਲੀਆਂ ਨਾਲ ਟਿੱਪਰਾਂ ਉੱਤੇ ਲੱਦਿਆ ਜਾਂਦਾ ਹੈ, ਜੋ ਕਿ ਇੱਕ ਬਿਲਕੁੱਲ ਹੀ ਨਾਜਾਇਜ਼ ਗਤੀਵਿਧੀ ਹੈ। ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਹੋਣ ਦੇ ਬਾਵਜੂਦ ਕਿ ਇਹ ਸਾਰੀਆਂ ਗਤੀਵਿਧੀਆਂ ਗੈਰਕਾਨੂੰਨੀ ਹਨ, ਮਾਈਨਿੰਗ ਵਿਭਾਗ ਨੇ ਅਜੇ ਤੀਕ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਅਕਾਲੀ ਆਗੂ ਨੇ ਰੋਪੜ ਅਤੇ ਮੁਹਾਲੀ ਦੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਕਾਨੂੰਨ ਮੁਤਾਬਿਕ ਕੰਮ ਕਰਨ ਅਤੇ ਉਹਨਾਂ ਕਾਂਗਰਸੀ ਆਗੂਆਂ ਖ਼ਿਲਾਫ ਕਾਰਵਾਈ ਕਰਨ ਲਈ ਆਖਿਆ, ਜਿਹੜੇ ਗੈਰਕਾਨੂੰਨੀ ਰੇਤ ਮਾਈਨਿੰਗ ਕਰਕੇ ਇਲਾਕੇ ਦੇ ਵਾਤਾਵਰਣ ਨਾਲ ਖਿਲਵਾੜ ਕਰ ਰਹੇ ਹਨ।