ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 2019 : ਬਾਲੀਵੁੱਡ ਅਦਾਕਾਰ ਆਮਿਰ ਖ਼ਾਨ , ਮਾਧੁਰੀ ਦੀਕਸ਼ਿਤ ਅਤੇ ਰਿਤੇਸ਼ ਦੇਸ਼ਮੁਖ ਨੇ ਪਾਈ ਵੋਟ

21

October

2019

ਮੁੰਬਈ: ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ ‘ਤੇ ਅੱਜ ਸਵੇਰੇ 7 ਵਜੇ ਤੋਂ ਵੋਟਾਂ ਪੈ ਰਹੀਆਂ ਹਨ। ਮਹਾਰਾਸ਼ਟਰ ਵਿਧਾਨ ਸਭਾ ਲਈ ਮਤਦਾਨ ਜਾਰੀ ਹੈ। ਮਹਾਰਾਸ਼ਟਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ 9 ਵਜੇ ਤੱਕ ਕਰੀਬ 5.46 ਫ਼ੀਸਦੀ ਮਤਦਾਨ ਹੋਇਆ ਹੈ।ਮਹਾਰਾਸ਼ਟਰ ‘ਚ ਭਾਜਪਾ-ਸ਼ਿਵ ਸੈਨਾ (ਐੱਨਡੀਏ) ਤੇ ਕਾਂਗਰਸ-ਐੱਨਸੀਪੀ ਗਠਜੋੜ ਵਿਚਾਲੇ ਪ੍ਰਮੁੱਖ ਮੁਕਾਬਲਾ ਹੈ। ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬਾਲੀਵੁੱਡ ਅਦਾਕਾਰ ਵੀ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨ ਲਈ ਪਹੁੰਚੇ ਹਨ। ਇਸ ਦੌਰਾਨ ਮਹਾਰਾਸ਼ਟਰ ‘ਚ ਵਿਧਾਨ ਸਭਾ ਚੋਣਾਂ ਲਈ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਬਾਂਦਰਾ ਦੇ ਇੱਕ ਪੋਲਿੰਗ ਬੂਥ ‘ਤੇ ਵੋਟ ਪਾਉਣ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ। ਅਦਾਕਾਰਾ ਮਾਧੁਰੀ ਦੀਕਸ਼ਿਤ ਵੀ ਬਾਂਦਰਾ (ਪੱਛਮ) ਦੇ ਇਕ ਪੋਲਿੰਗ ਬੂਥ ‘ਤੇ ਵੋਟ ਪਾਉਣ ਤੋਂ ਬਾਅਦ ਰਵਾਨਾ ਹੋਈ ਹੈ। ਇਸ ਦੇ ਇਲਾਵਾ ਬਾਲੀਵੁੱਡ ਐਕਟਰ ਰਿਤੇਸ਼ ਦੇਸ਼ਮੁਖ, ਉਸ ਦੀ ਪਤਨੀ ਜੇਨੇਲੀਆ ਡੀਸੂਜ਼ਾ ਅਤੇ ਪਰਿਵਾਰ ਨੇ ਲਾਤੂਰ ਦੇ ਇਕ ਪੋਲਿੰਗ ਬੂਥ ‘ਤੇ ਵੋਟਾਂ ਪਾਈਆਂ ਹਨ। ਦੱਸ ਦੇਈਏ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੁਕਾਬਲਾ ਭਾਜਪਾ ਦੀ ਅਗਵਾਈ ਹੇਠਲੇ ਮਹਾਂਗੱਠਜੋੜ ਅਤੇ ਕਾਂਗਰਸ–ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਗੱਠਜੋੜ ਵਿਚਾਲੇ ਹੈ। ਇਸ ਚੋਣ ਵਿੱਚ ਕੁੱਲ 8 ਕਰੋੜ 98 ਲੱਖ 39 ਹਜ਼ਾਰ 600 ਵੋਟਰ ਵੋਟ ਪਾਉਣ ਦੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਦੇ ਯੋਗ ਹਨ। ਮਹਿਲਾ ਵੋਟਰਾਂ ਦੀ ਗਿਣਤੀ ਇੱਥੇ 4 ਕਰੋੜ 28 ਲੱਖ 43 ਹਜ਼ਾਰ 635 ਹੈ। ਮਹਾਰਾਸ਼ਟਰ ’ਚ ਸੂਬਾ ਪੁਲਿਸ ਤੇ ਕੇਂਦਰੀ ਬਲਾਂ ਦੇ ਤਿੰਨ ਲੱਖ ਤੋਂ ਵੱਧ ਮੁਲਾਜ਼ਮਾਂ ਦੀ ਤਾਇਨਾਤੀ ਕਰ ਕੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ।