ਕੌਮਾਂਤਰੀ ਨਗਰ ਕੀਰਤਨ ਯੂ.ਪੀ ਦੇ ਲਖਨਊ ਵਿਖੇ ਪਹੁੰਚਿਆ, ਦਰਸ਼ਨਾਂ ਲਈ ਸੰਗਤਾਂ ਦਾ ਆਇਆ ਹੜ੍ਹ

21

August

2019

ਲਖਨਊ: ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਅਗਸਤ ਨੂੰ ਸ੍ਰੀ ਨਨਕਾਣਾ ਸਾਹਿਬ ਤੋਂ ਸਜਾਇਆ ਗਿਆ ਕੌਮਾਂਤਰੀ ਅਤੇ ਇਤਿਹਾਸਕ ਨਗਰ ਕੀਰਤਨ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚੋਂ ਹੁੰਦਾ ਹੋਇਆ ਬੀਤੀ ਰਾਤ ਉੱਤਰ ਪ੍ਰਦੇਸ਼ ਦੇ ਲਖਨਊ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਯਹੀਆ ਗੰਜ ਵਿਖੇ ਪਹੁੰਚਿਆ। ਜਿਥੇ ਸੰਗਤਾਂ ‘ਚ ਭਾਰਤੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਉਹਨਾਂ ਨਗਰ ਕੀਰਤਨ ਦਾ ਭਰਵਾਂ ਸੁਆਗਤ ਕੀਤਾ।ਇਥੇ ਵੱਡੀ ਗਿਣਤੀ ‘ਚ ਸੰਗਤਾਂ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਪਹੁੰਚੀਆਂ। ਬੀਤੇ ਦਿਨ ਜਿਉਂ ਹੀ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਆਚੋਲੀਆ ਸ਼ਾਹਜਹਾਨਪੁਰ (ਉੱਤਰ ਪ੍ਰਦੇਸ਼) ਤੋਂ ਅਗਲੇ ਪੜਾਅ ਲਖਨਊ ਲਈ ਰਵਾਨਾ ਹੋਇਆ ਤਾਂ ਵੱਡੀ ਗਿਣਤੀ ਵਿਚ ਗੁਰੂ ਨਾਨਕ ਨਾਮ ਲੇਵਾ ਸੰਗਤ ਨੇ ਹਾਜ਼ਰੀ ਭਰ ਕੇ ਸ਼ਰਧਾ ਪ੍ਰਗਟਾਈ। ਹਰ ਪਾਸੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਦੇਖਣਯੋਗ ਸੀ। ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਆਚੋਲੀਆ ਸ਼ਾਹਜਹਾਨਪੁਰ ਆਰੰਭ ਹੋਇਆ ਨਗਰ ਕੀਰਤਨ ਮੈਗਲਗੰਜ ,ਸਿਤਾਪੁਰ ,ਸਿਬੋਲੀ ਹੁੰਦੇ ਹੋਏ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਯਹੀਆ ਗੰਜ ,ਲਖਨਊ (ਯੂ.ਪੀ.) ਵਿਖੇ ਪਹੁੰਚਿਆ। ਅੱਜ ਨਗਰ ਕੀਰਤਨ ਇਥੋਂ ਅਗਲੇ ਪੜਾਅ ਲਈ ਕਾਨਪੁਰ ਰਵਾਨਾ ਹੋਵੇਗਾ। ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਯਹੀਆ ਗੰਜ ,ਲਖਨਊ ਤੋਂ ਫਤਹਿਗੜ੍ਹ ਖ਼ਾਲਸਾ ਕਾਲਜ਼ ,ਉਨਾਂਵ ਹੁੰਦੇ ਹੋਏ ਰਾਤ ਦਾ ਵਿਸ਼ਰਾਮ ਗੁਰਦੁਆਰਾ ਸਾਹਿਬ ਰਣਜੀਤ ਨਗਰ ,ਕਾਨਪੁਰ (ਯੂ.ਪੀ.) ਵਿਖੇ ਹੋਵੇਗਾ। ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਨਗਰ ਕੀਰਤਨ ਪ੍ਰਤੀ ਵੱਖ-ਵੱਖ ਸੂਬਿਆਂ ਅੰਦਰ ਸੰਗਤ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਸੰਗਤ ਕਈ-ਕਈ ਘੰਟਿਆਂ ਤੱਕ ਨਗਰ ਕੀਰਤਨ ਦੇ ਸਵਾਗਤ ਲਈ ਇੰਤਜ਼ਾਰ ਕਰ ਰਹੀਆਂ ਹਨ।