Arash Info Corporation

ਵਿਦੇਸ਼ਾਂ ‘ਚ ਫ਼ਸੇ ਨੌਜਵਾਨਾਂ ਦੀ ਮਦਦ ਕਰਨ ਵਾਲੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਹੀਂ ਰਹੇ ,ਅੱਜ ਹੋਵੇਗਾ ਅੰਤਿਮ ਸਸਕਾਰ

07

August

2019

ਨਵੀਂ ਦਿੱਲੀ : ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਅਤੇ ਭਾਜਪਾ ਦੀ ਸੀਨੀਅਰ ਆਗੂ ਸੁਸ਼ਮਾ ਸਵਰਾਜ ਦਾ ਮੰਗਲਵਾਰ ਦੇਰ ਰਾਤ ਦੇਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਦਿਲ ਦਾ ਦੌਰਾ ਪੈਣ ‘ਤੇ ਉਨ੍ਹਾਂ ਨੂੰ ਰਾਤ 10.20 ਵਜੇ ਦਿੱਲੀ ਦੇ ਏਮਜ਼ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ,ਜਿਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਸੁਸ਼ਮਾ ਸਵਰਾਜ ਦਸੰਬਰ 2016 ਤੋਂ ਹੀ ਬਿਮਾਰ ਚੱਲ ਰਹੀ ਸੀ। ਉਨ੍ਹਾਂ ਨੂੰ ਲੰਮੇ ਸਮੇਂ ਤੋਂ ਸ਼ੂਗਰ ਸੀ ਅਤੇ ਬਾਅਦ ‘ਚ ਉਨ੍ਹਾਂ ਦੀ ਕਿਡਨੀ ਫੇਲ੍ਹ ਹੋ ਗਈ ਸੀ। ਜਿਸ ਤੋਂ ਬਾਅਦ ਸੁਸ਼ਮਾ ਦੀ ਕਿਡਨੀ ਟਰਾਂਸਪਲਾਂਟ ਸਰਜਰੀ ਹੋਈ ਸੀ। ਸੁਸ਼ਮਾ ਸਵਰਾਜ ਦੀ ਤਬੀਅਤ ਖ਼ਰਾਬ ਹੋਣ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਮ੍ਰਿਤਕ ਦੇਹ ਨੂੰ ਬੀਤੀ ਰਾਤ ਹੀ ਏਮਜ਼ ਹਸਪਤਾਲ ਤੋਂ ਦਿੱਲੀ ਸਥਿਤ ਉਨ੍ਹਾਂ ਦੇ ਘਰ ਲਿਜਾਇਆ ਗਿਆ ਹੈ। ਅੱਜ ਦੁਪਹਿਰ 11 ਵਜੇ ਬੀਜੇਪੀ ਦਫਤਰ ‘ਚ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਰੱਖਿਆ ਜਾਵੇਗਾ, ਜਿਥੇ 3 ਵਜੇ ਤੱਕ ਉਨ੍ਹਾਂ ਦੇ ਆਖਰੀ ਦਰਸ਼ਨ ਹੇਣਗੇ। ਜਾਣਕਾਰੀ ਮੁਤਾਬਕ ਲੋਧੀ ਰੋਡ ਦੇ ਸ਼ਮਸ਼ਾਨਘਾਟ ‘ਚ 3 ਵਜੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਦੱਸ ਦੇਈਏ ਕਿ ਇੰਦਰਾ ਗਾਂਧੀ ਦੇ ਕਾਰਜਕਾਲ ‘ਚ ਐਮਰਜੈਂਸੀ ਦੌਰਾਨ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਸੁਸ਼ਮਾ ਸੰਨ 1977 ‘ਚ ਹਰਿਆਣਾ ਤੋਂ ਵਿਧਾਇਕ ਚੁਣੀ ਗਈ ਸੀ। ਸੁਸ਼ਮਾ ਸਵਰਾਜ ਮੋਦੀ ਸਰਕਾਰ ‘ਚ ਪਹਿਲੇ ਕਾਰਜਕਾਲ ‘ਚ ਵਿਦੇਸ਼ ਮੰਤਰੀ ਸਨ। ਉਹ ਅਟਲ ਬਿਹਾਰੀ ਵਾਜਪਾਈ ਸਰਕਾਰ ‘ਚ ਵੀ ਮੰਤਰੀ ਰਹੀ। 16ਵੀਂ ਲੋਕ ਸਭਾ ‘ਚ ਉਹ ਮੱਧ ਪ੍ਰਦੇਸ਼ ਦੇ ਵਿਦਿਸ਼ਾ ਤੋਂ ਸੰਸਦ ਮੈਂਬਰ ਚੁਣੀ ਗਈ ਸੀ। ਜ਼ਿਕਰਯੋਗ ਹੈ ਕਿ ਸੁਸ਼ਮਾ ਸਵਰਾਜ ਨੇ ਸਿਹਤ ਠੀਕ ਨਾ ਹੋਣ ਕਰਕੇ ਮੰਤਰੀ ਮੰਡਲ ‘ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੇ ਵਿਦੇਸ਼ ਮੰਤਰੀ ਦੇ ਅਹੁਦੇ ‘ਤੇ ਹੁੰਦਿਆਂ ਵੱਡੀਆਂ ਭੂਮਿਕਾਵਾਂ ਨਿਭਾਈਆਂ ਹਨ। ਜਦੋਂ ਵੀ ਵਿਦੇਸ਼ ‘ਚ ਫਸੇ ਭਾਰਤੀ ਲੋਕਾਂ ਦੇ ਵਾਰਸਾਂ ਨੇ ਉਨ੍ਹਾਂ ਨੂੰ ਟਵੀਟ ਕਰਕੇ ਮਦਦ ਮੰਗੀ ਤਾਂ ਸੁਸ਼ਮਾ ਸਵਰਾਜ ਹਰ ਵਾਰ ਲੋਕਾਂ ਦੀ ਮਦਦ ਲਈ ਅੱਗੇ ਆਉਂਦੇ ਸਨ।