ਬਰਸਾਤੀ ਪਾਣੀ ਦਾ ਨਿਕਾਸੀ ਰੂਟ ਬਦਲਣ ਕਾਰਨ ਦਿੱਕਤਾਂ

31

July

2019

ਐਸ.ਏ.ਐਸ. ਨਗਰ (ਮੁਹਾਲੀ), ਇੱਥੋਂ ਦੇ ਸੈਕਟਰ-70 ਵਿੱਚ ਪ੍ਰਾਈਵੇਟ ਕੰਪਨੀ ਨੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਰੂਟ ਬਦਲ ਦਿੱਤਾ ਹੈ। ਇਸ ਕਾਰਨ ਸੈਕਟਰ-69 ਅਤੇ ਸੈਕਟਰ-70 ਦੇ ਘਰਾਂ ਲਈ ਖ਼ਤਰਾ ਪੈਦਾ ਹੋ ਗਿਆ ਹੈ। ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦੱਸਿਆ ਕਿ ਸੈਕਟਰ-70 ਦੀਆਂ ਕੋਠੀਆਂ ਅਤੇ ਸੁਸਾਇਟੀਆਂ ਦਾ ਬਰਸਾਤੀ ਪਾਣੀ, ਜੋ ਰਿਸ਼ੀ ਅਪਾਰਟਮੈਂਟ ਅਤੇ ਮੇਅਫੇਅਰ ਸੁਸਾਇਟੀ ਤੋਂ ਹੁੰਦਾ ਹੋਇਆ ਹੋਮਲੈਂਡ ਦੇ ਗੇਟ ਤੋਂ 200 ਫੁੱਟ ਚੌੜੀ ਏਅਰਪੋਰਟ ਸੜਕ ਦੇ ਵਿਚਕਾਰਲੇ ਡਰੇਨ ਨਾਲੇ ਵਿੱਚ ਪੈਂਦਾ ਸੀ, ਜਿਸ ਨੂੰ ਹੁਣ ਇਕ ਪ੍ਰਾਈਵੇਟ ਕੰਪਨੀ ਨੇ ਬੰਦ ਕਰਕੇ ਚੰਡੀਗੜ੍ਹ-ਫਤਹਿਗੜ੍ਹ ਸਾਹਿਬ ਹਾਈਵੇਅ ਹੇਠਾਂ ਪਾਈਪਾਂ ਪਾ ਕੇ ਸੈਕਟਰ-69 ਦੀਆਂ ਕੋਠੀਆਂ ਵੱਲ ਛੱਡ ਦਿੱਤਾ ਹੈ। ਇਸ ਕਾਰਨ ਲੋਕਾਂ ਨੂੰ ਆਪਣੇ ਘਰਾਂ ਦੀਆਂ ਇਮਾਰਤਾਂ ਲਈ ਖ਼ਤਰਾ ਪੈਦਾ ਹੋ ਗਿਆ ਹੈ। ਸੈਕਟਰ ਵਾਸੀਆਂ ਨੇ ਕਿਹਾ ਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਸੈਕਟਰ-70 ਦੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵੱਲ ਜਾਂਦੀ ਰੋਡ ਤੋਂ ਜ਼ਮੀਨ ਪੁੱਟ ਕੇ ਪਾਣੀ ਲਈ ਖੁੱਲ੍ਹਾ ਰਸਤਾ ਬਣਾ ਕੇ ਅੱਗੇ ਸਟੇਟ ਹਾਈਵੇਅ ਹੇਠ ਪਾਈਪਾਂ ਦੱਬ ਦਿੱਤੀਆਂ ਹਨ ਅਤੇ ਪਾਣੀ ਦੀ ਨਿਕਾਸੀ ਸੈਕਟਰ-69 ਦੀ ਖਾਲੀ ਥਾਂ ਵਿੱਚ ਕੱਢ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਸਾਰੀ ਅਧੀਨ 30 ਫੁੱਟ ਬੇਸਮੈਂਟ ਪੁੱਟਣ ਵੇਲੇ ਚੰਡੀਗੜ੍ਹ-ਫਤਹਿਗੜ੍ਹ ਹਾਈਵੇਅ ਨਾਲ ਪਾਈ ਬਰਸਾਤੀ ਪਾਣੀ ਦੀ ਪਾਈਪਲਾਈਨ ਪਹਿਲੇ ਮੀਂਹ ਦੇ ਪਾਣੀ ਵਿੱਚ ਵਹਿ ਕੇ ਟੁੱਟ ਗਈ ਸੀ।