ਟਰੱਕ ਤੇ ਐੱਸਯੂਵੀ ਦੀ ਟੱਕਰ ਕਾਰਨ ਤਿੰਨ ਜ਼ਖ਼ਮੀ

25

July

2019

ਡੇਰਾਬੱਸੀ, ਚੰਡੀਗੜ੍ਹ-ਅੰਬਾਲਾ ਸੜਕ ’ਤੇ ਡੇਰਾਬੱਸੀ ਫਲਾਈਓਵਰ ’ਤੇ ਅੱਜ ਟਰੱਕ ਵੱਲੋਂ ਅਚਾਨਕ ਬਰੇਕ ਲਗਾਉਣ ਕਾਰਨ ਪਿੱਛੇ ਆ ਰਹੀ ਫਾਰਚੂਨਰ ਗੱਡੀ ਟਰੱਕ ਨਾਲ ਟਕਰਾ ਗਈ ਜਿਸ ਕਾਰਨ ਤਿੰਨ ਜਣੇ ਜ਼ਖ਼ਮੀ ਹੋ ਗਏ। ਤਿੰਨੇ ਜਣੇ ਫਾਰਚੂਨਰ ਵਿੱਚ ਸਵਾਰ ਸਨ। ਜ਼ਖ਼ਮੀਆਂ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰ ਇਕ ਟਰੱਕ ਡੇਰਾਬੱਸੀ ਤੋਂ ਜ਼ੀਰਕਪੁਰ ਜਾ ਰਿਹਾ ਸੀ। ਜਦ ਉਹ ਡੇਰਾਬੱਸੀ ਫਲਾਈਓਵਰ ’ਤੇ ਪਹੁੰਚਿਆ ਤਾਂ ਚਾਲਕ ਨੇ ਅਚਾਨਕ ਬਰੇਕ ਲਗਾ ਦਿੱਤੀ ਅਤੇ ਪਿੱਛੇ ਆ ਰਹੀ ਫਾਰਚੂਨਰ ਗੱਡੀ ਟਰੱਕ ਦੇ ਪਿੱਛੇ ਟਕਰਾਅ ਗਈ। ਨੁਕਸਾਨੇ ਵਾਹਨਾਂ ਕਾਰਨ ਫਲਾਈਓਵਰ ’ਤੇ ਜਾਮ ਲੱਗ ਗਿਆ। ਟਰੈਫਿਕ ਪੁਲੀਸ ਨੇ ਵਾਹਨਾਂ ਨੂੰ ਪਾਸੇ ਕਰਵਾ ਕੇ ਜਾਮ ਖੁੱਲ੍ਹਵਾਇਆ। ਏ.ਐੱਸ.ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਫਾਰਚੂਨਰ ਗੱਡੀ ਦੇ ਚਾਲਕ ਸੁਮਿਤ ਸਮੇਤ ਪੰਕਜ ਅਤੇ ਓਂਕਾਰ ਜ਼ਖ਼ਮੀ ਹੋ ਗਏ। ਆਟੋ ਤੇ ਕਾਰ ਦੀ ਟੱਕਰ ਕਾਰਨ ਸੱਤ ਜ਼ਖ਼ਮੀ ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਮੌਹੜਾ ਲਾਗੇ ਸਵਾਰੀਆਂ ਲਿਜਾ ਰਿਹਾ ਆਟੋਰਿਕਸ਼ਾ ਦਾ ਟਾਇਰ ਪੰਚਰ ਹੋ ਗਿਆ। ਬੇਕਾਬੂ ਆਟੋ ਇਕ ਕਾਰ ਨਾਲ ਜਾ ਟਕਰਾ ਗਿਆ ਜਿਸ ਕਾਰਨ ਆਟੋ ਵਿਚ ਸਵਾਰ ਇਕੋ ਪਰਿਵਾਰ ਦੇ 7 ਮੈਂਬਰ ਜ਼ਖ਼ਮੀ ਹੋ ਗਏ। ਆਟੋ ਚਾਲਕ ਸਾਹਿਬਪੁਰਾ ਵਾਸੀ ਲਖਵਿੰਦਰ ਵਾਲ-ਵਾਲ ਬਚ ਗਿਆ। ਰਾਹਗੀਰਾਂ ਨੇ ਜ਼ਖ਼ਮੀਆਂ ਨੂੰ ਛਾਉਣੀ ਦੇ ਸਿਵਲ ਹਸਪਤਾਲ ਪਹੁੰਚਾਇਆ। ਜ਼ਖ਼ਮੀਆਂ ਦੀ ਪਛਾਣ ਘਸੀਟਪੁਰ ਵਾਸੀ ਵਿਦਿਆ ਰਾਣੀ, ਰੂਪਵਤੀ, ਇਛਰੋਵਤੀ, ਲੀਲਾਵਤੀ, ਸਰਵੇਸ਼, ਸ਼ੀਲਾ ਅਤੇ ਕੁਸਮ ਵਜੋਂ ਹੋਈ ਹੈ। ਜ਼ਖ਼ਮੀ ਇਛਰੋਵਤੀ ਨੇ ਦੱਸਿਆ ਕਿ ਉਹ ਦਿਹਾੜੀਆਂ ਕਰਦੀਆਂ ਹਨ। ਅੱਜ ਉਨ੍ਹਾਂ ਨੂੰ ਸਾਹਿਬਪੁਰਾ ਪਿੰਡ ਦੇ ਇਕ ਕਿਸਾਨ ਨੇ ਮਿਰਚਾਂ ਦੀ ਤੁੜਾਈ ਲਈ ਸੱਦਿਆ ਸੀ ਅਤੇ ਉਨ੍ਹਾਂ ਨੂੰ ਲਿਜਾਣ ਲਈ ਸਾਹਿਬਪੁਰਾ ਤੋਂ ਆਟੋ ਆਇਆ ਸੀ ਅਤੇ ਮੌਹੜਾ ਕੋਲ ਹਾਦਸਾ ਵਾਪਰ ਗਿਆ।