ਰੰਧਾਵਾ ਨੇ ਜੇਲ੍ਹ ’ਚ ਹਿੰਸਾ ਦੇ ਮੁੱਦੇ ’ਤੇ ਸੁਖਬੀਰ ਨੂੰ ਵੰਗਾਰਿਆ

02

July

2019

ਚੰਡੀਗੜ੍ਹ, ਜੇਲ੍ਹ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਵੱਲੋਂ ਕੀਤੀ ਹਿੰਸਾ ਉੱਪਰ ਟਿੱਪਣੀਆਂ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੰਗਾਰਦਿਆਂ ਕਿਹਾ ਹੈ ਕਿ ਜੇ ਸਾਬਕਾ ਗ੍ਰਹਿ ਮੰਤਰੀ ਨੂੰ ਜੇਲ੍ਹ ਮੈਨੂਅਲ ਬਾਰੇ ਪਤਾ ਹੁੰਦਾ ਤਾਂ ਉਹ ਉਨ੍ਹਾਂ ਦਾ ਅਸਤੀਫਾ ਮੰਗ ਕੇ ਆਪਣੇ ਬੌਧਿਕ ਗਿਆਨ ਦੇ ਹਲਕੇਪਣ ਦਾ ਪ੍ਰਗਟਾਵਾ ਨਾ ਕਰਦੇ। ਉਨ੍ਹਾਂ ਨੇ ਸਾਬਕਾ ਉੱਪ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਕਿਹਾ ਹੈ ਕਿ ਜੇਕਰ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਜੇਲ੍ਹ ਮੈਨੂਅਲ ਨਹੀਂ ਪੜ੍ਹੇ ਤਾਂ ਉਹ ਹੁਣ ਜੇਲ੍ਹ ਮੈਨੂਅਲ ਦੀ ਧਾਰਾ 363 ਤੋਂ 367 ਪੜ੍ਹ ਲੈਣ ਜਿਸ ਵਿੱਚ ਸਪੱਸ਼ਟ ਲਿਖਿਆ ਹੈ ਕਿ ਜੇਲ੍ਹ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਜੇਲ੍ਹ ਅਧਿਕਾਰੀਆਂ ਨੂੰ ਹਥਿਆਰ ਚਲਾਉਣ ਦੇ ਪੂਰੇ ਅਧਿਕਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਲੁਧਿਆਣਾ ਵਿੱਚ ਕੈਦੀਆਂ ਵੱਲੋਂ ਕੀਤੀ ਹਿੰਸਾ ਦੀ ਤੁਲਨਾ ਬਹਿਬਲ ਕਲਾਂ ਗੋਲੀ ਕਾਂਡ ਨਾਲ ਕਰਕੇ ਸਿੱਖ ਕੌਮ ਦੀ ਤੌਹੀਨ ਕੀਤੀ ਹੈ ਜਿਸ ਲਈ ਉਹ ਸਿੱਖ ਕੌਮ ਤੋਂ ਮੁਆਫੀ ਮੰਗਣ। ਸੀਨੀਅਰ ਕਾਂਗਰਸੀ ਆਗੂ ਨੇ ਅਕਾਲੀ ਆਗੂ ਨੂੰ ਚੇਤੇ ਕਰਵਾਇਆ ਹੈ ਕਿ ਕਿਵੇਂ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਗੈਂਗਸਟਰ ਜੇਲ੍ਹਾਂ ਵਿੱਚੋਂ ਭੱਜਦੇ ਰਹੇ ਹਨ। ਪਿਛਲੀ ਸਰਕਾਰ ਸਮੇਂ ਦੀਆਂ ਕੁਝ ਘਟਨਾਵਾਂ ਦੇ ਵੇਰਵੇ ਦਿੰਦਿਆਂ ਉਨ੍ਹਾਂ ਕਿਹਾ ਕਿ ਨਾਭਾ ਜੇਲ੍ਹ ਵਿੱਚੋਂ ਵਿੱਕੀ ਗੌਂਡਰ ਸਣੇ ਕਈ ਗੈਂਗਸਟਰ ਫਰਾਰ ਹੋਏ ਸਨ ਜਿਨ੍ਹਾਂ ਨੂੰ ਫੜਨ ਵਿੱਚ ਸਾਬਕਾ ਸਰਕਾਰ ਨਾਕਾਮ ਰਹੀ ਸੀ। 2015 ਵਿੱਚ ਬਠਿੰਡਾ ਜੇਲ੍ਹ ਵਿੱਚ ਗੋਲੀ ਚੱਲਣ ਨਾਲ ਦੋ ਕੈਦੀ ਜ਼ਖ਼ਮੀ ਹੋਏ। ਇਸ ਘਟਨਾ ਵਿੱਚ ਅਪਰਾਧੀ ਗੁਰਜੀਤ ਸਿੰਘ ਮਹਿਲ ਕਲਾਂ ਵੀ ਸ਼ਾਮਲ ਸੀ। ਇਸੇ ਤਰ੍ਹਾਂ 2016 ’ਚ ਫਿਰ ਬਠਿੰਡਾ ਜੇਲ੍ਹ ਵਿੱਚ ਹਿੰਸਾ ਹੋਈ। 2011 ਵਿੱਚ ਕਪੂਰਥਲਾ ਜੇਲ੍ਹ ’ਚ ਹਿੰਸਾ ਹੋਈ। ਅੰਮ੍ਰਿਤਸਰ ਜੇਲ੍ਹ ਵਿੱਚ ਤਿੰਨ ਵਾਰ (7 ਜਨਵਰੀ 2008, 31 ਜਨਵਰੀ 2008 ਤੇ 29 ਅਗਸਤ 2008) ਦੰਗੇ ਹੋਏ। ਪੰਜਾਬ ਦੀਆਂ ਜੇਲ੍ਹਾਂ ਵਿੱਚ ਸੀਆਰਪੀਐੱਫ ਤਾਇਨਾਤ ਕੀਤੇ ਜਾਣ ਸਬੰਧੀ ਜੇਲ੍ਹ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਇਸ ਦੀ ਮੰਗ ਕੀਤੀ ਜਾ ਚੁੱਕੀ ਹੈ ਜਿਸ ਸਬੰਧੀ 8 ਅਕਤੂਬਰ 2018 ਨੂੰ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਪਹੁੰਚ ਕੀਤੀ ਗਈ ਸੀ।