ਛੁੱਟੀਆਂ ਖ਼ਤਮ ਹੋਣ ਦੇ ਬਾਵਜੂਦ ਵੀ ਸਕੂਲਾਂ 'ਚ ਵਿਦਿਆਰਥੀਆਂ ਦੀ ਹਾਜ਼ਰੀ ਨਾ ਦੇ ਬਰਾਬਰ

01

July

2019

ਬਾਘਾਪੁਰਾਣਾ, 1 ਜੁਲਾਈ (ਬਲਰਾਜ ਸਿੰਗਲਾ)- ਗਰਮੀ ਦੀ ਰੁੱਤ ਦੀਆਂ ਛੁੱਟੀਆਂ ਖ਼ਤਮ ਹੋਣ ਬਾਅਦ ਅੱਜ ਪੰਜਾਬ ਦੇ ਸਰਕਾਰੀ ਸਕੂਲ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਮੁਤਾਬਕ ਖੁੱਲ੍ਹ ਗਏ ਹਨ। ਸਟਾਫ਼ ਤਾਂ ਸਕੂਲਾਂ 'ਚ ਨਿਸ਼ਚਿਤ ਸਮੇਂ 'ਤੇ ਪਹੁੰਚ ਗਿਆ ਪਰ ਕਲਾਸਾਂ 'ਚ ਵਿਦਿਆਰਥੀਆਂ ਦੀ ਹਾਜ਼ਰੀ ਨਾ ਦੇ ਬਰਾਬਰ ਰਹੀ। ਸਕੂਲਾਂ ਦਾ ਦੌਰਾ ਕਰਨ 'ਤੇ ਦੇਖਿਆ ਗਿਆ ਕਿ ਇੱਕਾ-ਦੁੱਕਾ ਵਿਦਿਆਰਥੀ ਹੀ ਜਮਾਤਾਂ 'ਚ ਬੈਠੇ ਦਿਖਾਈ ਦਿੱਤੇ, ਜਿਸ ਕਾਰਨ ਅਧਿਆਪਕ ਵੀ ਵਿਹਲੇ ਬੈਠਣ ਲਈ ਮਜਬੂਰ ਹੋ ਗਏ। ਸਕੂਲਾਂ 'ਚ ਬੱਚਿਆਂ ਦਾ ਘੱਟ ਗਿਣਤੀ 'ਚ ਪਹੁੰਚਣ ਦਾ ਕਾਰਨ ਪੈ ਰਹੀ ਅੱਤ ਦੀ ਗਰਮੀ ਨੂੰ ਦੱਸਿਆ ਜਾ ਰਿਹਾ ਹੈ। ਇੰਨਾ ਹੀ ਨਹੀਂ, ਇਨ੍ਹਾਂ ਸਕੂਲਾਂ 'ਚ ਵਧੇਰੇ ਕਰਕੇ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ, ਜਿਨ੍ਹਾਂ 'ਚੋਂ ਕਈ ਬੱਚੇ ਆਪਣੇ ਪਰਿਵਾਰ ਨਾਲ ਖੇਤਾਂ 'ਚ ਝੋਨਾ ਲਾ ਕੇ ਚਾਰ ਛਿੱਲੜ ਕਮਾਉਣ ਲਈ ਯਤਨ ਕਰ ਰਹੇ ਹਨ।