ਜੋਤਹੀਣ ਬੱਚਿਆਂ ਦੀ ਜ਼ਿੰਦਗੀ ਰੁਸ਼ਨਾਉਣ ਲਈ ਚਾਰਾਜੋਈ

21

June

2019

ਚੰਡੀਗੜ੍ਹ, ਸਮਾਜ ਸੇਵੀ ਆਲਮਜੀਤ ਸਿੰਘ ਮਾਨ ਨੇ ਪੰਜਾਬ ਪੁਲੀਸ ਅਤੇ ਭੂ-ਮਾਫੀਆ ਨਾਲ ਕਾਨੂੰਨੀ ਲੜਾਈ ਜਿੱਤਣ ਤੋਂ ਬਾਅਦ ਅੱਜ ਕਿਹਾ ਕਿ ਉਹ ਬਲਾਈਂਡ ਅਤੇ ਗਰੀਬ ਬੱਚਿਆਂ ਲਈ ਜ਼ੀਰਕਪੁਰ ਵਿਚ ਸੰਗੀਤਕ ਐਕਾਦਮੀ ਖੋਲ੍ਹਣਗੇ ਜਿਥੇ ਅਜਿਹੇ ਬੱਚਿਆਂ ਦੀ ਪ੍ਰਤਿਭਾ ਨੂੰ ਉਭਾਰ ਕੇ ਉਨ੍ਹਾਂ ਨੂੰ ਗੀਤ-ਸੰਗੀਤ ਦੇ ਖੇਤਰ ਵਿਚ ਰੁਜ਼ਗਾਰ ਮੁਹੱਈਆ ਕਰਨ ਦੇ ਸਮਰੱਥ ਬਣਾਇਆ ਜਾਵੇਗਾ। ਸ੍ਰੀ ਮਾਨ ਨੇ ਅੱਜ ਪੰਜਾਬ ਲੋਕ ਗੀਤ ਮੰਚ ਪੰਜਾਬ ਦੇ ਪ੍ਰਧਾਨ ਬਾਈ ਹਰਦੀਪ ਮੁਹਾਲੀ, ਫਿਲਮੀ ਹਸਤੀ ਦਰਸ਼ਨ ਔਲਖ ਅਤੇ ਬਲਾਈਂਡ ਬੱਚਿਆਂ ਦੇ ਸਕੂਲ ਦੇ ਪ੍ਰਿੰਸੀਪਲ ਐਸ. ਜਾਇਰਾ ਸਮੇਤ ਇਥੇ ਪ੍ਰੈਸ ਕਲੱਬ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਉਹ ਜ਼ੀਰਕਪੁਰ ਵਿਚ ਬਲਾਈਂਡ ਅਤੇ ਗਰੀਬ ਬੱਚਿਆਂ ਲਈ ਸੰਗੀਤ ਅਕਾਦਮੀ ਖੋਲ੍ਹਣਗੇ ਤੇ ਅਜਿਹੇ ਬੱਚਿਆਂ ਨੂੰ ਸੰਗੀਤ ਦੀ ਸਿੱਖਿਆ ਦੇ ਕੇ ਆਪਣੇ ਪੈਰੀਂ ਖੜ੍ਹੇ ਕਰਨ ਦਾ ਯਤਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਹ ਪਿੱਛਲੇ ਕਈ ਸਾਲਾਂ ਤੋਂ ਬਲਾਈਂਡ ਬੱਚਿਆਂ ਨੂੰ ਖਾਣੇ ’ਤੇ ਸੱਦ ਕੇ ਉਨ੍ਹਾਂ ਦੇ ਮਨੋਰੰਜਨ ਲਈ ਪੰਜਾਬੀ ਗਾਇਕ ਤੇ ਅਭਿਨੇਤਾ ਗੁਰਦਾਸ ਮਾਨ, ਹਰਭਜਨ ਮਾਨ, ਗਿੱਪੀ ਗਰੇਵਾਲ ਆਦਿ ਨੂੰ ਸੱਦ ਰਹੇ ਹਨ। ਸ੍ਰੀ ਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਪੁਲੀਸ ਅਤੇ ਭੂ-ਮਾਫੀਆ ਨਾਲ ਲੰਮੀ ਲੜਾਈ ਲੜ ਕੇ ਜ਼ੀਰਕਪੁਰ ਵਿਚ ਆਪਣੀ ਕਰੋੜਾਂ ਦੀ ਜਾਇਦਾਦ ਬਹਾਲ ਕਰਵਾਈ ਹੈ ਅਤੇ ਉਹ ਮਹਿਸੂਸ ਕਰਦੇ ਹਨ ਕਿ ਇਹ ਪ੍ਰਾਪਤੀ ਅਜਿਹੇ ਬੱਚਿਆਂ ਦੀਆਂ ਅਸੀਸਾਂ ਨਾਲ ਹੀ ਨਸੀਬ ਹੋਈ ਹੈ। ਉਨ੍ਹਾਂ ਦੱਸਿਆ ਕਿ ਉਹ ਟਰਾਈਸਿਟੀ ਵਿਚ ਫਰੀ ਐਂਬੂਲੈਂਸ ਸੇਵਾ ਸ਼ੁਰੂ ਕਰਨਗੇ। ਉਹ ਪਹਿਲਾਂ ਹੀ 200 ਦੇ ਕਰੀਬ ਲਾਵਾਰਿਸ ਲਾਸ਼ਾਂ ਦੇ ਅੰਤਿਮ ਸਸਕਾਰ ਕਰਨ ਲਈ ਵਿੱਤੀ ਸੇਵਾਵਾਂ ਦੇ ਚੁੱਕੇ ਹਨ ਅਤੇ ਇਸੇ ਲੜੀ ਨੂੰ ਅੱਗੇ ਤੋਰਦਿਆਂ ਉਨ੍ਹਾਂ ਨੇ ਇਸ ਲਈ ਹੈਲਪਲਾਈਨ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਉਹ 24 ਘੰਟੇ ਲਵਾਰਿਸ ਲਾਸ਼ਾਂ ਦਾ ਸਸਕਾਰ ਕਰਵਾਉਣ ਲਈ ਵਿੱਤੀ ਸਹਾਇਤਾ ਦੇਣ ਲਈ ਤੱਤਪਰ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਸੜਕ ਹਾਦਸਿਆਂ ਦੇ ਪੀੜਤਾਂ ਨੂੰ ਹਸਪਤਾਲਾਂ ਵਿਚ ਪਹੁੰਚਾਉਣ ਦੀ ਸੇਵਾ ਨਿਭਾਅ ਰਹੇ ਹਨ ਤੇ ਹੁਣ ਉਹ ਹਰੇਕ ਵਿਅਕਤੀ ਨੂੰ ਜ਼ਖ਼ਮੀਆਂ ਦੀ ਵੀਡੀਓਜ਼ ਬਣਾਉਣ ਦੀ ਥਾਂ ਉਨ੍ਹਾਂ ਨੂੰ ਹਸਪਤਾਲਾਂ ਵਿਚ ਪਹੁੰਚਾਉਣ ਲਈ ਪ੍ਰੇਰਿਤ ਕਰਨਗੇ। ਸ੍ਰੀ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਲੋਕ ਪੁੱਛਦੇ ਹਨ ਕਿ ਕੀ ਉਹ ਸਿਆਸੀ ਪਿੜ ਵਿਚ ਜਾਣ ਦੀ ਤਿਆਰੀ ਵਿਚ ਹਨ ਪਰ ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਸਿਆਸਤ ਬਲਾਈਂਡ ਤੇ ਗਰੀਬ ਬੱਚਿਆਂ ਦੀ ਬਾਂਹ ਫੜਨ ਅਤੇ ਲਵਾਰਿਸ ਲਾਸ਼ਾਂ ਨੂੰ ਸਤਿਕਾਰ ਨਾਲ ਟਿਕਾਣੇ ਲਾਉਣ ਵਿੱਚ ਹੀ ਹੈ। ਸ੍ਰੀ ਮਾਨ ਨੇ ਕਿਹਾ ਕਿ ਸਿਆਸਤ ਧਨਾਢਾਂ ਦਾ ਸ਼ੌਕ ਬਣ ਗਈ ਹੈ ਅਤੇ ਇਸ ਯੁੱਗ ਵਿਚ ਪੁਰਸਕਾਰ ਵੀ ਵਿਕਦੇ ਹਨ।