Arash Info Corporation

ਰਾਣੀ ਦੀ ਹਾਰ ਤੋਂ ਬਾਅਦ ਪੰਜਾਬ ਵਿਚ ਕਾਂਗਰਸ ਦੀ ਬਗਾਵਤ ਕਾਰਨ ਅਮਰਿੰਦਰ ਦੀ ਹੋਵੇਗੀ ਛੁੱਟੀ : ਸੁਰਜੀਤ ਰੱਖੜਾ

17

May

2019

ਪਟਿਆਲਾ 17 ਮਈ 2019- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਭਾਜਪਾ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਹੈ ਕਿ ਰਾਣੀ ਦੀ ਹਾਰ ਤੋਂ ਬਾਅਦ ਪੰਜਾਬ ਵਿਚ ਕਾਂਗਰਸ ਦੀ ਬਗਾਵਤ ਕਾਰਨ ਅਮਰਿੰਦਰ ਸਰਕਾਰ ਦੀ ਛੁੱਟੀ ਹੋ ਜਾਵੇਗੀ। ਸੁਰਜੀਤ ਰੱਖੜਾ ਅੱਜ ਇੱਥੇ ਅਨਾਰਦਾਨਾ ਚੌਂਕ ਵਿਖੇ ਅਕਾਲੀ ਭਾਜਪਾ ਦੀ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਰੈਲੀ ਵਿਚ ਪੁੱਜੇ ਹਜ਼ਾਰਾਂ ਲੋਕਾਂ ਨੇ ਕਾਂਗਰਸ ਦੇ ਖੇਮੇ ਵਿਚ ਕੰਬਣੀ ਛੇੜ ਦਿੱਤੀ ਹੈ। ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਪਰਨੀਤ ਕੌਰ ਅਤੇ ਸਮੁੱਚੇ ਪੰਜਾਬ ਦੇ ਕਾਂਗਰਸੀ ਉਮੀਦਵਾਰਾਂ ਦਾ ਹਾਰਨਾ ਪੂਰੀ ਤਰ੍ਹਾਂ ਤੈਅ ਹੈ। ਇਸ ਲਈ ਅਮਰਿੰਦਰ ਪਟਿਆਲਾ ਸ਼ਹਿਰ ਦੀ ਗਲੀ ਗਲੀ ਵਿਚ ਤੁਰਿਆ ਫਿਰ ਰਿਹਾ ਹੈ ਪਰ ਲੋਕ ਇੰਨੇ ਜ਼ਿਆਦਾ ਤੰਗ ਹਨ ਕਿ ਅਮਰਿੰਦਰ ਨੂੰ ਮੂੰਹ ਨਹੀਂ ਲਾ ਰਹੇ। ਉਨ੍ਹਾਂ ਆਖਿਆ ਕਿ ਪਿਛਲੇ ਦੋ ਸਾਲ ਤੋਂ ਵੱਧ ਸਮੇਂ ਵਿਚ ਜਿਹੜਾ ਅਮਰਿੰਦਰ ਕਦੇ ਵੀ ਪਟਿਆਲਾ ਸ਼ਹਿਰ ਵਿਚ ਨਹੀਂ ਸੀ ਵੜਿਆ, ਹੁਣ ਲੋਕਾਂ ਦੀਆਂ ਲੀਲਕੜੀਆਂ ਕੱਢ ਰਿਹਾ ਹੈ। ਉਨ੍ਹਾਂ ਆਖਿਆ ਕਿ ਅਕਾਲੀ ਭਾਜਪਾ ਦੇ ਜੁਝਾਰੂ ਵਰਕਰ ਤੇ ਪਟਿਆਲਾ ਦੇ ਲੋਕ ਉਨ੍ਹਾਂ ਨੂੰ ਐਨੀ ਵੱਡੀ ਜਿੱਤ ਦੁਆਉਣਗੇ ਕਿ ਮੁੜ ਕੇ ਪਟਿਆਲਾ ਵਿਚ ਕਦੇ ਵੀ ਕਾਂਗਰਸ ਟਿਕ ਨਹੀਂ ਪਾਵੇਗੀ। ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਦੋ ਸਾਲਾਂ ਵਿਚ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਾ ਕਰਨ ਵਾਲੀ ਕਾਂਗਰਸ ਤੋਂ ਅੱਜ ਪਟਿਆਲਾ ਤੇ ਪੰਜਾਬ ਦੇ ਲੋਕ ਜਵਾਬ ਮੰਗ ਰਹੇ ਹਨ। ਉਨ੍ਹਾਂ ਆਖਿਆ ਕਿ ਲੋਕਾਂ ਨੂੰ ਕੰਮ ਚਾਹੀਦਾ ਹੈ ਲਾਰੇ ਨਹੀਂ ਤੇ ਅਕਾਲੀ ਭਾਜਪਾ ਨੇ ਆਪਣੇ ਦਸ ਸਾਲ ਦੀ ਸਰਕਾਰ ਵਿਚ ਲੋਕਾਂ ਨੂੰ ਕੰਮ ਕਰਕੇ ਦਿਖਾਏ ਹਨ। ਰੱਖੜਾ ਨੇ ਆਖਿਆ ਕਿ ਪੂਰੇ ਜ਼ਿਲ੍ਹੇ ਵਿਚ ਕਾਂਗਰਸ ਨੇ ਇਕ ਰੁਪਈਏ ਦਾ ਕੰਮ ਵੀ ਨਹੀਂ ਕੀਤਾ ਜਿਸ ਦਾ ਨਤੀਜਾ ਕਾਂਗਰਸ ਨੂੰ ਭੁਗਤਣਾ ਪਵੇਗਾ। ਉਨ੍ਹਾਂ ਆਖਿਆ ਕਿ ਅਕਾਲੀ ਭਾਜਪਾ ਪੰਜਾਬ ਵਿਚ ਵੱਡੀ ਜਿੱਤ ਪ੍ਰਾਪਤ ਕਰੇਗੀ। ਰੱਖੜਾ ਨੇ ਆਖਿਆ ਕਿ ਕਾਂਗਰਸੀ ਇਸ ਸਮੇਂ ਅਕਾਲੀ ਭਾਜਪਾ ਦੇ ਵਰਕਰਾਂ ਨੂੰ ਧਮਕੀਆਂ ਦੇਣ 'ਤੇ ਉਤਰ ਆਏ ਹਨ ਪਰ ਅਸੀਂ ਅਜਿਹੀਆਂ ਧਮਕੀਆਂ ਦਾ ਮੂੰਹ ਤੋੜ ਜਵਾਬ ਦੇਵਾਂਗੇ। ਰੱਖੜਾ ਨੇ ਕਿਹਾ ਕਿ ਠਾਠਾਂ ਮਾਰਦੇ ਇਕੱਠ ਨੇ ਉਨ੍ਹਾਂ ਦੀ ਜਿੱਤ ਲਈ ਰਾਹ ਪੱਧਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਮਹਾਰਾਣੀ ਪ੍ਰਨੀਤ ਕੌਰ ਨੇ ਆਪਣੀ ਤਿੰਨ ਵਾਰ ਦੇ ਕਾਰਜਕਾਲ 'ਚ ਪਟਿਆਲਵੀਆਂ ਅਤੇ ਸ਼ਹਿਰ ਦੇ ਲੋਕਾਂ ਲਈ ਕੁਝ ਕੀਤਾ ਹੁੰਦਾ ਤਾਂ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਨਾ ਮੰਗਣੀਆਂ ਪੈਂਦੀਆਂ। ਇਸ ਮੌਕੇ ਸੀਨੀਅਰ ਅਕਾਲੀ ਨੇਤਾ ਚਰਨਜੀਤ ਸਿੰਘ ਰੱਖੜਾ, ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ, ਕਬੀਰ ਦਾਸ ਹਲਕਾ ਇੰਚਾਰਜ ਨਾਭਾ, ਸਤਬੀਰ ਖੱਟੜਾ ਹਲਕਾ ਇੰਚਾਰਜ ਪਟਿਆਲਾ ਦਿਹਾਤੀ, ਸਾਬਕਾ ਮੰਤਰੀ ਅਜੈਬ ਸਿੰਘ ਮੁਖਮੇਲਪੁਰ, ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਇੰਚਾਰਜ ਘਨੌਰ, ਬੀਬੀ ਵਨਿੰਦਰ ਕੌਰ ਲੂੰਬਾ ਇੰਚਾਰਜ ਸ਼ੁਤਰਾਣਾ, ਹਰਜੀਤ ਸਿੰਘ ਗਰੇਵਾਲ ਇੰਚਾਰਜ ਰਾਜਪੁਰਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਹਰਿੰਦਰ ਕੋਹਲੀ ਬੀਜੇਪੀ ਪ੍ਰਧਾਨ, ਹਰਪਾਲ ਜੁਨੇਜਾ ਸ਼ਹਿਰ ਪ੍ਰਧਾਨ, ਗੁਰਤੇਜ ਸਿੰਘ ਢਿੱਲੋਂ ਸਕੱਤਰ ਬੀਜੇਪੀ, ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਬਜਾਜ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ, ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ, ਸਾਬਕਾ ਮੇਅਰ ਵਿਸ਼ਨੂੰ ਸ਼ਰਮਾ, ਜਸਪਾਲ ਸਿੰਘ ਬਿੱਟੂ ਚੱਠਾ, ਰਜਿੰਦਰ ਸਿੰਘ ਵਿਰਕ, ਹਰਵਿੰਦਰ ਸਿੰਘ ਬੱਬੂ, ਸੁਖਬੀਰ ਸਿੰਘ ਸਨੌਰ ਖਜਾਨਚੀ, ਸੰਜੀਵ ਸਿੰਗਲਾ ਜਨਰਲ ਸਕੱਤਰ, ਜਸਵਿੰਦਰ ਸਿੰਘ ਚੀਮਾ ਮੁੱਖ ਸਲਾਹਕਾਰ, ਐਡਵੋਕੇਟ ਮਨਵੀਰ ਸਿੰਘ ਵਿਰਕ, ਗੁਰਜੰਟ ਸਿੰਘ ਲਲੋਛੀ ਅਤੇ ਸੋਨੀ ਵਿਰਕ ਪੀ.ਏ. ਸ. ਰੱਖੜਾ ਆਦਿ ਸਮੇਤ ਹੋਰ ਵੀ ਬਹੁਤ ਸਾਰੇ ਨੇਤਾ ਹਾਜ਼ਰ ਸਨ। ਰਾਜਨਾਥ ਸਿੰਘ ਨੇ ਆਡੀਓ ਕਾਨਫ੍ਰੈਂਸਿੰਗ ਰਾਹੀਂ ਰੱਖੜਾ ਨੂੰ ਜਿਤਾਉਣ ਦੀ ਕੀਤੀ ਅਪੀਲ ਇਸ ਰੈਲੀ ਵਿਚ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੁੱਜਣਾ ਸੀ ਪਰ ਹੈਲੀਕਾਪਟਰ ਦੇ ਖਰਾਬ ਹੋਣ ਕਾਰਨ ਉਹ ਪੁੱਜ ਨਾ ਸਕੇ ਅਤੇ ਚੰਡੀਗੜ੍ਹ ਤੋਂ ਪਟਿਆਲਾ ਤਕ ਦੇਸ਼ ਦੇ ਗ੍ਰਹਿ ਮੰਤਰੀ ਨੂੰ ਸੁਰੱਖਿਆ ਏਜੰਸੀਆਂ ਨੇ ਕਾਰ ਰਾਹੀਂ ਆਉਣ ਨਾ ਦਿੱਤਾ ਜਿਸ ਕਾਰਨ ਰਾਜਨਾਥ ਸਿੰਘ ਨੇ ਇਸ ਵੱਡੀ ਰੈਲੀ ਨੂੰ ਆਡੀਓ ਕਾਨਫ੍ਰੈਂਸਿੰਗ ਰਾਹੀਂ ਸੰਬੋਧਨ ਕਰਦਿਆਂ ਆਖਿਆ ਕਿ ਸੁਰਜੀਤ ਸਿੰਘ ਰੱਖੜਾ ਨੂੰ ਵੱਡੀ ਜਿੱਤ ਦੁਆਓ ਤਾਂ ਜੋ ਅਮਰਿੰਦਰ ਦਾ ਰਾਜ ਪਲਟਾਇਆ ਜਾ ਸਕੇ ਅਤੇ ਦੇਸ਼ ਵਿਚ ਮੁੜ ਮੋਦੀ ਸਰਕਾਰ ਸਥਾਪਤ ਕੀਤੀ ਜਾ ਸਕੇ।