ਸਰਕਾਰੀ ਸਕੂਲ ਸੈਕਟਰ-20 ਵਿੱਚ ਮਾਪਿਆਂ ਵੱਲੋਂ ਪ੍ਰਦਰਸ਼ਨ

09

May

2019

ਚੰਡੀਗੜ੍ਹ, ਇਥੋਂ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਸੈਕਟਰ 20-ਬੀ, ਵਿੱਚ ਅੱਜ ਵਿਦਿਆਰਥਣਾਂ ਤੇ ਮਾਪਿਆਂ ਨੇ ਹੰਗਾਮਾ ਕੀਤਾ। ਮਾਪਿਆਂ ਨੇ ਸਕੂਲ ਪ੍ਰਬੰਧਕਾਂ ’ਤੇ ਦੋਸ਼ ਲਾਏ ਕਿ ਵਿਦਿਆਰਥਣਾਂ ਨੂੰ ਜਾਣਬੁੱਝ ਕੇ ਫੇਲ੍ਹ ਕੀਤਾ ਗਿਆ ਹੈ। ਜਦੋਂ ਪ੍ਰਦਰਸ਼ਨ ਤੇਜ਼ ਹੋਇਆ ਤੇ ਬਹਿਸਬਾਜ਼ੀ ਸ਼ੁਰੂ ਹੋਈ ਤਾਂ ਸਕੂਲ ਨੇ ਪੁਲੀਸ ਬੁਲਾ ਲਈ। ਇਸ ਮੌਕੇ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਮੌਕੇ ’ਤੇ ਪੁੱਜੇ। ਇਨ੍ਹਾਂ ਵਿਦਿਆਰਥਣਾਂ ਦੇ ਮਾਪਿਆਂ ਨੇ ਡੀਈਓ ਨੂੰ ਸ਼ਿਕਾਇਤ ਦੇ ਕੇ ਪੇਪਰਾਂ ਦੀ ਦੁਬਾਰਾ ਚੈਕਿੰਗ ਕਰਵਾਉਣ ਦੀ ਮੰਗ ਕੀਤੀ ਹੈ ਜਿਸ ਦੀ ਕਾਪੀ ‘ਪੰਜਾਬੀ ਟ੍ਰਿਬਿਊਨ’ ਕੋਲ ਮੌਜੂਦ ਹੈ। ਵਿਦਿਆਰਥੀਆਂ ਦੇ ਮਾਪਿਆਂ ਨੇ ਦੱਸਿਆ ਕਿ ਸਕੂਲ ਵੱਲੋਂ ਗਿਆਰਵੀਂ ਜਮਾਤ ਦਾ ਨਤੀਜਾ ਮਾਰਚ ਵਿਚ ਐਲਾਨਿਆ ਗਿਆ ਸੀ ਜਿਸ ਵਿਚ ਇਕਨਾਮਿਕਸ ਤੇ ਅੰਗਰੇਜ਼ੀ ਵਿਸ਼ੇ ਵਿਚੋਂ ਅੱਧੀ ਜਮਾਤ ਫੇਲ੍ਹ ਹੋ ਗਈ ਸੀ। ਉਸ ਤੋਂ ਬਾਅਦ ਸਕੂਲ ਨੇ ਮੁੜ 1 ਤੇ 2 ਮਈ ਨੂੰ ਪ੍ਰੀਖਿਆ ਲਈ ਜਿਸ ਵਿਚੋਂ ਵੀ 35 ਦੇ ਕਰੀਬ ਵਿਦਿਆਰਥੀ ਫੇਲ੍ਹ ਹੋਏ ਹਨ। ਇਨ੍ਹਾਂ ਵਿਚੋਂ ਇਕ ਵਿਦਿਆਰਥਣ ਦੇ ਪਿਤਾ ਰਾਮ ਆਸਰਾ ਨੇ ਦੱਸਿਆ ਕਿ ਉਹ ਆਪਣੀ ਬੱਚੀ ਨੂੰ ਜਦੋਂ ਦਾਖਲਾ ਦਿਵਾਉਣ ਆਏ ਤਾਂ ਸਕੂਲ ਵਲੋਂ ਦਾਖਲੇ ਤੋਂ ਮਨ੍ਹਾ ਕੀਤਾ ਗਿਆ ਤੇ ਦੋ ਦਿਨ ਬਾਅਦ ਆਉਣ ਲਈ ਕਿਹਾ ਗਿਆ। ਇਸ ਤਰ੍ਹਾਂ ਸਕੂਲ ਉਸ ਨੂੰ ਕਈ ਵਾਰ ਬੁਲਾ ਕੇ ਖੱਜਲ ਖੁਆਰ ਕਰ ਚੁੱਕਾ ਹੈ। ਇਸ ਦੌਰਾਨ ਵਿਦਿਆਰਥਣ ਕਲਸ਼ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਬੱਚੀ ਦੇ ਸਤੰਬਰ ਵਿਚ ਇਕਨਾਮਿਕਸ ਦੇ 75 ਨੰਬਰ ਆਏ ਸਨ ਤੇ ਹੁਣ ਉਸ ਨੂੰ ਸਿਰਫ 16 ਅੰਕ ਦਿੱਤੇ ਗਏ ਹਨ। ਜਦੋਂ ਉਹ ਸਕੂਲ ਗਏ ਤੇ ਕਿਹਾ ਕਿ ਉਨ੍ਹਾਂ ਨੂੰ ਉਤਰ ਪੱਤਰੀਆਂ ਦਿਖਾਈਆਂ ਜਾਣ ਤਾਂ ਸਕੂਲ ਵੱਲੋਂ ਸਾਫ ਮਨ੍ਹਾ ਕਰ ਦਿੱਤਾ ਗਿਆ। ਇਕ ਹੋਰ ਵਿਦਿਆਰਥਣ ਨੇ ਦੱਸਿਆ ਕਿ ਸਕੂਲ ਵਿਚ ਇਕਨਾਮਿਕਸ ਦੀ ਅਧਿਆਪਕਾ ਵਲੋਂ ਠੀਕ ਨਹੀਂ ਪੜ੍ਹਾਇਆ ਗਿਆ ਸੀ ਤੇ ਉਨ੍ਹਾਂ ਵਲੋਂ ਇਕ ਪੀਰੀਅਡ ਵਿਚ ਹੀ ਕਈ ਕਈ ਚੈਪਟਰ ਇਕੱਠੇ ਪੜ੍ਹਾ ਦਿੱਤੇ ਜਾਂਦੇ ਸਨ ਜਿਸ ਬਾਰੇ ਪ੍ਰਿੰਸੀਪਲ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ। ਵਿਦਿਆਰਥਣਾਂ ਨੇ ਦੱਸਿਆ ਕਿ ਉਨ੍ਹਾਂ ਨੇ ਅਸੈਸਮੈਂਟ ਆਫ ਸਪੀਕਿੰਗ ਐਂਡ ਲਰਨਿੰਗ ਦਾ ਵਾਇਵਾ ਦਿੱਤਾ ਸੀ ਪਰ ਅਧਿਆਪਕਾ ਨੇ ਉਨ੍ਹਾਂ ਨੂੰ ਇਸ ਮੌਕੇ ਗੈਰਹਾਜ਼ਰ ਦਰਸਾਇਆ ਜਿਸ ਨਾਲ ਉਨ੍ਹਾਂ ਦੇ 10 ਨੰਬਰ ਕੱਟੇ ਗਏ। ਇਸ ਮੌਕੇ ਹੋਰ ਵਿਦਿਆਰਥਣਾਂ ਨੇ ਅੰਗਰੇਜ਼ੀ ਵਿਚ ਪੇਪਰ ਠੀਕ ਚੈੱਕ ਨਾ ਹੋਣ ਦੇ ਦੋਸ਼ ਲਾਏ। ਸਕੂਲ ਵਿਚ ਇਕ ਵਿਦਿਆਰਥਣ ਦੀ ਮਾਤਾ ਸਵਰਨਜੀਤ ਨੇ ਦੱਸਿਆ ਕਿ ਜੇਕਰ ਉਨ੍ਹਾਂ ਦੀ ਬੱਚੀ ਪੜ੍ਹਾਈ ਵਿਚ ਕਮਜ਼ੋਰ ਸੀ ਤਾਂ ਇਸ ਬਾਰੇ ਅਧਿਆਪਕਾਂ ਨੂੰ ਪਹਿਲਾਂ ਦੱਸਣਾ ਚਾਹੀਦਾ ਸੀ ਤੇ ਇਸ ਸਬੰਧੀ ਵਿਦਿਆਰਥੀਆਂ ਦੀਆਂ ਵਿਸ਼ੇਸ਼ ਜਮਾਤਾਂ ਲਾਉਣੀਆਂ ਚਾਹੀਦੀਆਂ ਸਨ ਪਰ ਸਕੂਲ ਨੇ ਅਜਿਹਾ ਕੁਝ ਵੀ ਨਹੀਂ ਕੀਤਾ। ਸਕੂਲ ਵਿਚ ਫਿਜ਼ੀਕਲ ਐਜੂਕੇਸ਼ਨ ਦਾ ਅਧਿਆਪਕ ਨਹੀਂ ਜਦੋਂ ਸਕੂਲ ਵਿਚ ਪ੍ਰਦਰਸ਼ਨ ਹੋ ਰਿਹਾ ਸੀ ਤਾਂ ਦੂਜੇ ਪਾਸੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਦੱਸਿਆ ਕਿ ਇਸ ਸਕੂਲ ਵਿਚ ਫਿਜ਼ੀਕਲ ਦਾ ਅਧਿਆਪਕ ਲੰਬੀ ਛੁੱਟੀ ’ਤੇ ਹੈ ਜਿਸ ਕਾਰਨ ਕਈ ਬੱਚੇ 12ਵੀਂ ਵਿਚ ਵੀ ਫੇਲ੍ਹ ਹੋਏ ਹਨ। ਸਕੂਲ ਦੀ ਪ੍ਰਿੰਸੀਪਲ ਮਨੀਤਾ ਨੇ ਫੇਲ੍ਹ ਵਿਦਿਆਰਥੀਆਂ ਦੀ ਗਿਣਤੀ ਦੱਸਣ ਤੋਂ ਇਨਕਾਰ ਕੀਤਾ ਤੇ ਦੱਸਿਆ ਕਿ 36 ਵਿਦਿਆਰਥਣਾਂ ਦੀ ਕੰਪਾਰਟਮੈਂਟ ਆਈ ਸੀ। ਮੌਕੇ ’ਤੇ ਪਹੁੰਚੀ ਡਿਪਟੀ ਡੀਈਓ ਮੋਨਿਕਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਸੀਸੀਟੀਵੀ ਕੈਮਰਿਆਂ ਦੀ ਅਣਹੋਂਦ ਸੈਂਟਰਲ ਟਰੇਡ ਯੂਨੀਅਨ ਦੇ ਸਕੱਤਰ ਰਾਮ ਧਰ ਦੀ ਅਗਵਾਈ ਵਿਚ ਪ੍ਰਦਰਸ਼ਨ ਕਰ ਰਹੇ ਮਾਪਿਆਂ ਨੇ ਦੋਸ਼ ਲਾਇਆ ਕਿ ਸਕੂਲ ਦੀ ਅਧਿਆਪਕਾ ਠੀਕ ਤਰ੍ਹਾਂ ਪੜ੍ਹਾਉਂਦੀ ਹੀ ਨਹੀਂ ਸੀ ਜਿਸ ਦੀ ਕੈਮਰਿਆਂ ਰਾਹੀਂ ਜਾਂਚ ਕੀਤੀ ਜਾਵੇ ਪਰ ਇਸ ਸਕੂਲ ਵਿਚ ਕੈਮਰਿਆਂ ਦੀ ਅਣਹੋਂਦ ਹੈ ਜਦਕਿ ਇਹ ਸਕੂਲ ਲੜਕੀਆਂ ਦਾ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਯੂਟੀ ਦੇ ਜ਼ਿਆਦਾਤਰ ਸਕੂਲਾਂ ਵਿਚ ਸੀਸੀਟੀਵੀ ਕੈਮਰੇ ਲੱਗ ਚੁੱਕੇ ਹਨ। ਪ੍ਰਿੰਸੀਪਲ ਮਨੀਤਾ ਨੇ ਕਿਹਾ ਕਿ ਉਨ੍ਹਾਂ ਕੈਮਰੇ ਲਗਾਉਣ ਲਈ ਵਿਭਾਗ ਨੂੰ ਕਈ ਵਾਰ ਪੱਤਰ ਲਿਖੇ ਹਨ।