ਸਨੀ ਦਿਓਲ ਨੇ ਦੂਜੇ ਦਿਨ ਵੀ ਕੱਢਿਆ ਰੋਡ ਸ਼ੋਅ

04

May

2019

ਪਠਾਨਕੋਟ, ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਤੇ ਫਿਲਮੀ ਅਦਾਕਾਰ ਸਨੀ ਦਿਓਲ ਨੇ ਅੱਜ ਲਗਾਤਾਰ ਦੂਜੇ ਦਿਨ ਵਿਧਾਨ ਸਭਾ ਹਲਕਾ ਸੁਜਾਨਪੁਰ ਵਿੱਚ ਵੀ ਰੋਡ ਸ਼ੋਅ ਜਾਰੀ ਰੱਖਿਆ। ਹਲਕੇ ਦੇ ਵਿਧਾਇਕ ਦਿਨੇਸ਼ ਸਿੰਘ ਬੱਬੂ ਦੀ ਅਗਵਾਈ ਹੇਠ ਸੈਂਕੜੇ ਮੋਟਰਸਾਈਕਲ ਸਵਾਰ ਨੌਜਵਾਨ ਇਸ ਵਿੱਚ ਸ਼ਾਮਲ ਹੋਏ। ਰੋਡ ਸ਼ੋਅ ਪੰਗੋਲੀ ਚੌਕ ਤੋਂ ਸ਼ੁਰੂ ਕਰਕੇ ਰਾਣੀਪੁਰ ਉਪਰਲਾ, ਸ਼ਾਹਪੁਰ ਕੰਢੀ, ਮੱਟੀ, ਉਚਾ ਥੜਾ (ਡੈਮ) ਧਾਰਕਲਾਂ ਚੌਕ, ਧਾਰ ਖੁਰਦ, ਨਿਆੜੀ, ਗੰਦਲਾ ਲਾਹੜੀ ਛੋਟੇਪੁਰ ਅਤੇ ਘੋਹ ਵਿੱਚ ਸਮਾਪਤ ਹੋਇਆ। ਇਸ ਮੌਕੇ ਲੋਕਾਂ ਨੇ ਸਨੀ ਦਿਓਲ ਦੇ ਫੁੱਲਾਂ ਤੇ ਨੋਟਾਂ ਦੇ ਹਾਰ ਪਾਏ। ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਪਿੰਡ ਭੰਗੂੜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸੜਕ ’ਤੇ ਖੜ੍ਹੇ ਬੱਚਿਆਂ ਨੂੰ ਸਨੀ ਦਿਓਲ ਆਪਣੀ ਗੱਡੀ ਵਿੱਚੋਂ ਉਤਰ ਕੇ ਮਿਲਣ ਗਏ ਤੇ ਉਨ੍ਹਾਂ ਨੂੰ ਪਿਆਰ ਦਿੱਤਾ। ਬੱਚਿਆਂ ਨੇ ਸ੍ਰੀ ਦਿਓਲ ਦੇ ਹੱਕ ਵਿੱਚ ਨਾਅਰੇ ਲਗਾਏ। ਰਸਤੇ ਵਿੱਚ ਉਸ ਨੇ ਪ੍ਰਸ਼ੰਸਕਾਂ ਦੀ ਫਰਮਾਇਸ਼ ’ਤੇ ਹਿੰਦੋਸਤਾਨ ਜ਼ਿੰਦਾਬਾਦ ਵਾਲਾ ਡਾਇਲਾਗ ਹੀ ਵਾਰ-ਵਾਰ ਦੁਹਰਾਇਆ। ਸੰਨੀ ਦਿਓਲ ਖ਼ਿਲਾਫ਼ ਸ਼ਿਕਾਇਤ ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਫਿਲਮ ਕਲਾਕਾਰ ਸੰਨੀ ਦਿਓਲ ਵੱਲੋਂ ਕੱਢੇ ਗਏ ਰੋਡ ਸ਼ੋਅ ਸਮੇਂ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਉਸ ਖ਼ਿਲਾਫ਼ ਇਥੇ ਪੁਲੀਸ ਕਮਿਸ਼ਨਰ ਕੋਲ ਸ਼ਿਕਾਇਤ ਦਿੱਤੀ ਗਈ ਹੈ। ਇਹ ਸ਼ਿਕਾਇਤ ਸਮਾਜ ਸੇਵਕ ਸੁਰੇਸ਼ ਸ਼ਰਮਾ, ਵਰੁਣ ਰਾਣਾ ਅਤੇ ਆਰਟੀਆਈ ਧਾਰਕ ਵਿਸ਼ਾਲ ਜੋਸ਼ੀ ਵੱਲੋਂ ਸਾਂਝੇ ਤੌਰ ’ਤੇ ਦਿੱਤੀ ਗਈ ਹੈ। ਉਨ੍ਹਾਂ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਫਿਲਮ ਕਲਾਕਾਰ ਸੰਨੀ ਦਿਓਲ ਰੋਡ ਸ਼ੋਅ ਦੌਰਾਨ ਜਿਸ ਟਰੱਕ ਵਿਚ ਸਵਾਰ ਸੀ ਅਤੇ ਜਿਸ ਥਾਂ ’ਤੇ ਟਰੱਕ ਉਪਰ ਉਹ ਬੈਠਾ ਹੋਇਆ ਸੀ, ਉਸ ਦੇ ਹੇਠਾਂ ਹੀ ਭਗਵਾਨ ਸ਼ਿਵ ਸ਼ੰਕਰ ਦੀ ਤਸਵੀਰ ਲੱਗੀ ਹੋਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਫਿਲਮ ਕਲਾਕਾਰ ਤਸਵੀਰ ਉਪਰ ਜੁੱਤੀਆਂ ਸਮੇਤ ਬੈਠਾ ਹੋਇਆ ਸੀ।