Arash Info Corporation

ਹੁਣ ਟੀਜੀਟੀ ਉਮੀਦਵਾਰ 27 ਤੱਕ ਦੇ ਸਕਣਗੇ ਦਰਖ਼ਾਸਤਾਂ

04

May

2019

ਚੰਡੀਗੜ੍ਹ, ਯੂਟੀ ਦੇ ਸਿੱਖਿਆ ਵਿਭਾਗ ਨੇ 196 ਟੀਜੀਟੀ ਅਧਿਆਪਕਾਂ ਦੀ ਭਰਤੀ ਲਈ ਸੋਧ ਕਰਕੇ ਦੁਬਾਰਾ ਅਰਜ਼ੀਆਂ ਮੰਗੀਆਂ ਹਨ। ਵਿਭਾਗ ਨੇ ਇਸ ਅਮਲ ਲਈ ਪ੍ਰਸ਼ਾਸਕ ਤੇ ਚੋਣ ਕਮਿਸ਼ਨ ਤੋਂ ਵੀ ਮਨਜ਼ੂਰੀ ਲਈ ਹੈ। ਅਧਿਆਪਕਾਂ ਦੀ ਭਰਤੀ ਲਈ ਹੁਣ ਪ੍ਰੀਖਿਆ ਵਿਚ ਪੰਜਾਬੀ ਨਾਲ ਸਬੰਧਤ ਦਸ ਸਵਾਲ ਆਉਣਗੇ ਤੇ ਅੰਗਰੇਜ਼ੀ ਤੇ ਹਿੰਦੀ ਵਾਂਗ ਪੰਜਾਬੀ ਭਾਸ਼ਾ ਨੂੰ ਵੀ ਤਰਜੀਹ ਮਿਲੇਗੀ। ਪ੍ਰੀਖਿਆ ਵਿਚ 150 ਅੰਕਾਂ ਦੇ 150 ਸਵਾਲ ਆਉਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗ ਨੇ ਟਰੇਨਡ ਗਰੈਜੂਏਟ ਟੀਚਰਾਂ ਦੀਆਂ 196 ਅਸਾਮੀਆਂ ਲਈ ਇਸ਼ਤਿਹਾਰ 22 ਫਰਵਰੀ ਨੂੰ ਜਨਤਕ ਕੀਤਾ ਸੀ ਪਰ ਇਸ ਵਿਚ ਪੰਜਾਬੀ ਭਾਸ਼ਾ ਨਾਲ ਵਿਤਕਰਾ ਕਰਦਿਆਂ ਸਿਰਫ ਹਿੰਦੀ ਤੇ ਅੰਗਰੇਜ਼ੀ ਨਾਲ ਹੀ ਸਬੰਧਤ ਪ੍ਰਸ਼ਨ ਪੱਤਰ ਹੱਲ ਕਰਨ ਲਈ ਕਿਹਾ ਗਿਆ ਸੀ। ਜਦਕਿ ਇਸ ਵਿਚ ਪੰਜਾਬੀ ਭਾਸ਼ਾ ਵਿਚ ਵੀ ਪ੍ਰੀਖਿਆ ਦੇਣ ਦੀ ਮਨਾਹੀ ਕੀਤੀ ਗਈ ਸੀ ਜਿਸ ਤੋਂ ਬਾਅਦ ਪੰਜਾਬੀ ਭਾਸ਼ਾ ਦੇ ਹਿਤੈਸ਼ੀਆਂ ਵਲੋਂ ਪ੍ਰਸ਼ਾਸਕ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਕਿ ਇਸ ਭਰਤੀ ਵਿਚ ਪੰਜਾਬੀ ਭਾਸ਼ਾ ਨੂੰ ਨੁੱਕਰੇ ਨਾ ਲਾਇਆ ਜਾਵੇ। ਇਸ ਤੋਂ ਬਾਅਦ ਚੋਣ ਜ਼ਾਬਤਾ ਲੱਗ ਗਿਆ ਤੇ ਭਰਤੀਆਂ ਦਾ ਅਮਲ ਲਟਕ ਗਿਆ ਪਰ ਸਿੱਖਿਆ ਵਿਭਾਗ ਨੇ ਇਨ੍ਹਾਂ ਭਰਤੀਆਂ ਲਈ ਚੋਣ ਕਮਿਸ਼ਨ ਤੋਂ ਪ੍ਰਵਾਨਗੀ ਲਈ ਤੇ ਕੇਸ ਮਨਜ਼ੂਰੀ ਲਈ ਪ੍ਰਸ਼ਾਸਕ ਨੂੰ ਭੇਜਿਆ। ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਪ੍ਰਸ਼ਾਸਕ ਨੇ ਇਸ ਭਰਤੀ ਲਈ 2 ਮਈ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਉਮੀਦਵਾਰ ਭਰਤੀ ਕਰਨ ਵਾਲੀ ਏਜੰਸੀ ਕੋਲ 27 ਮਈ ਤਕ ਆਨਲਾਈਨ ਦਰਖਾਸਤ ਦੇ ਸਕਦੇ ਹਨ। ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ 29 ਹੋਵੇਗੀ ਜਦਕਿ ਲਿਖਤੀ ਪ੍ਰੀਖਿਆ ਦਾ ਐਲਾਨ 31 ਮਈ ਤੋਂ ਪਹਿਲਾਂ ਕੀਤਾ ਜਾਵੇਗਾ। ਬਾਰ੍ਹਵੀਂ ਪ੍ਰੀਖਿਆ: ਖਰਾਬ ਨਤੀਜਿਆਂ ਵਾਲੇ ਸਕੂਲਾਂ ਦੀ ਜਵਾਬਦੇਹੀ ਹੋਵੇਗੀ ਸਿੱਖਿਆ ਸਕੱਤਰ ਬੀ ਐਲ ਸ਼ਰਮਾ ਨੇ ਦੱਸਿਆ ਕਿ ਕਈ ਸਰਕਾਰੀ ਸਕੂਲਾਂ ਦੇ ਨਤੀਜੇ ਵਿਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਕਰਕੇ ਇਨ੍ਹਾਂ ਸਕੂਲਾਂ ਦੇ ਮੁਖੀਆਂ ਕੋਲੋਂ ਜਵਾਬ ਮੰਗਿਆ ਜਾਵੇਗਾ ਤੇ ਜਵਾਬ ਤਸੱਲੀਬਖਸ਼ ਨਾ ਹੋਣ ’ਤੇ ਉਨ੍ਹਾਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤੇ ਜਾਣਗੇ। ਦੱਸਣਯੋਗ ਹੈ ਕਿ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-44 ਦਾ ਨਤੀਜਾ 21.42 ਫੀਸਦੀ ਹੇਠਾਂ ਡਿੱਗਿਆ ਹੈ। ਇਸ ਤੋਂ ਇਲਾਵਾ ਸੈਕਟਰ-19, 20-ਬੀ, 46 ਤੇ ਖੁੱਡਾ ਅਲੀ ਸ਼ੇਰ ਦੇ ਸਰਕਾਰੀ ਸਕੂਲਾਂ ਦਾ ਨਤੀਜਾ ਵੀ ਪਿਛਲੇ ਸਾਲ ਨਾਲੋਂ ਖਰਾਬ ਆਇਆ ਹੈ। ਮੈਡੀਕਲ ਸਟਰੀਮ ਦਾ ਟੌਪਰ ਬਦਲਿਆ ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜੇ ਵਿਚ ਟਰਾਈਸਿਟੀ ਦਾ ਹੁਣ ਟੌਪਰ ਬਦਲ ਗਿਆ ਹੈ। ਪਹਿਲਾਂ ਗੁਰੂ ਹਰਕ੍ਰਿਸ਼ਨ ਸਕੂਲ ਦੇ ਚੇਤੰਨਿਆ ਨੂੰ 97.8 ਫੀਸਦੀ ਨਾਲ ਟੌਪਰ ਐਲਾਨਿਆ ਗਿਆ ਸੀ ਪਰ ਮਨੀਮਾਜਰਾ ਦੇ ਡੀਸੀ ਮੌਂਟੇਂਸਰੀ ਸਕੂਲ ਦੇ ਰਿਸ਼ਭ ਮਨੋਜਾ ਨੇ ਟਰਾਈਸਿਟੀ ਵਿਚ ਟੌਪ ਕੀਤਾ ਹੈ। ਰਿਸ਼ਭ ਨੇ ਮੈਡੀਕਲ ਸਟਰੀਮ ਵਿਚ 98 ਫੀਸਦੀ ਅੰਕ ਹਾਸਲ ਕੀਤੇ ਹਨ। ਰਿਸ਼ਭ ਨੇ ਦੱਸਿਆ ਕਿ ਉਸ ਨੇ ਪ੍ਰੀਖਿਆ ਦੌਰਾਨ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਸੀ ਤੇ ਉਹ ਰੋਜ਼ਾਨਾ ਪੰਜ ਘੰਟੇ ਪੜ੍ਹਾਈ ਕਰਦਾ ਰਿਹਾ ਹੈ। ਰਿਸ਼ਭ ਨੀਟ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ ਤੇ ਪਰਸਨਲਾਈਜ਼ਡ ਮੈਡੀਸਿਨ ਵਿਚ ਖੋਜ ਕਰਨਾ ਚਾਹੁੰਦਾ ਹੈ।