ਸਿੱਖ ਸ਼ਬਦ ਤੋਂ ਬਾਅਦ ਹੁਣ ਕੈਨੇਡਾ ਨੇ ਰਿਪੋਰਟ 'ਚੋਂ 'ਸ਼ੀਆ', 'ਸੁੰਨੀ' ਤੇ 'ਇਸਲਾਮਿਸਟ' ਸ਼ਬਦ ਹਟਾਏ

30

April

2019

ਸਰੀ, ਕੈਨੇਡਾ, 30 ਅਪ੍ਰੈਲ 2019 - ਸਿੱਖ ਸ਼ਬਦ ਤੋਂ ਬਾਅਦ ਹੁਣ ਕੈਨੇਡਾ ਸਰਕਾਰ ਨੇ ਆਪਣੀ ਪਬਲਿਕ ਸੇਫ਼ਟੀ ਰਿਪੋਰਟ 2018 'ਚੋਂ ਇਸਲਾਮ ਧਰਮ ਲਈ 'ਸ਼ੀਆ', 'ਸੁੰਨੀ' ਤੇ 'ਇਸਲਾਮਿਸਟ' ਵਰਗੇ ਸ਼ਬਦਾਂ ਨੂੰ ਹਟਾ ਲਿਆ ਹੈ। 'ਡਬਲਿਊ.ਐਸ.ਓ ਵੱਲੋਂ ਇਸ ਰਿਪੋਰਟ 'ਚ ਵਰਤੇ ਸ਼ਬਦਾਂ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ ਸੀ ਤੇ ਇਸ ਵੱਲੋਂ ਕੈਨੇਡਾ ਸਰਕਾਰ ਨੂੰ ਇਹ ਪੱਖਪਾਤ ਵਾਲੀ ਸ਼ਬਦਾਵਲੀ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ। ਜਿਸਦੇ ਚਲਦਿਆਂ ਹੁਣ ਕੈਨੇਡਾ ਸਰਕਾਰ ਵੱਲੋਂ ਆਪਣੀ ਪਬਲਿਕ ਸੇਫਟੀ ਰਿਪੋਰਟ 'ਚੋਂ ਮੁਸਲਿਮ ਧਰਮ ਲਈ ਵਰਤੇ ਇੰਨ੍ਹਾਂ ਸ਼ਬਦਾਂ ਨੂੰ ਵੀ ਹਟਾ ਦਿੱਤਾ ਗਿਆ ਹੈ। ਸਰੀ ਸੈਂਟਰ ਕੈਨੇਡਾ ਦੇ ਐਮ.ਪੀ ਰਣਦੀਪ ਸਿੰਘ ਸਰਾਇ ਨੇ ਟਿੱਪਣੀ ਕਰਦਿਆਂ ਆਖਿਆ ਕਿ ਕੈਨੇਡਾ ਸਰਕਾਰ ਵੱਲੋਂ ਆਪਣੀ ਰਿਪੋਰਟ 'ਚੋਂ 'ਸ਼ੀਆ', ਸੁੰਨੀ ਤੇ ਇਸਲਾਮਿਸਟ ਸ਼ਬਦ ਹਟਾ ਲਏ ਗਏ ਨੇ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਮੁਸਲਿਮ ਭਾਈਚਾਰੇ ਨੂੰ ਕਲੰਕਿਤ ਕਰਨਾ ਅਤੇ ਡਰ ਦੇ ਆਧਾਰ ਤੇ ਵੰਡਣਾ ਅਣਉਚਿਤ ਹੈ। ਉਨ੍ਹਾਂ ਕਿਹਾ ਕਿ ਪਬਲਿਕ ਸੇਫਟੀ 'ਚ ਖਤਰੇ ਦੀ ਪਛਾਣ ਕਰਨ ਲਈ ਨਿਰਪੱਖ ਪਹੁੰਚ ਨੂੰ ਲਾਗੂ ਕਰਨਾ ਚਾਹੀਦਾ ਹੈ ਤੇ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਕਿਸੇ ਵੀ ਧਰਮ ਦੇ ਵਿਸ਼ਵਾਸ ਜਾਂ ਭਾਈਚਾਰੇ ਨੂੰ ਨਿਸ਼ਾਨਾ ਨਾ ਬਣਾਇਆ ਗਿਆ ਹੋਵੇ। ਜ਼ਿਕਰਯੋਗ ਹੈ ਕਿ ਕੈਨੇਡੀਅਨ ਸਰਕਾਰ ਵੱਲੋਂ ਲੰਘੇ ਵਰ੍ਹੇ ਖ਼ਾਲਿਸਤਾਨ ਵੱਖਵਾਦ ਨੂੰ ਅਤਿਵਾਦੀ ਖ਼ਤਰਿਆਂ ਵਿਚੋਂ ਇਕ ਕਰਾਰ ਦਿੰਦਿਆਂ ਅਪਣੀ ਪਬਲਿਕ ਸੇਫ਼ਟੀ 2018 ਦੀ 'ਰਿਪੋਰਟ ਆਨ ਟੈਰੇਰਿਜ਼ਮ ਥ੍ਰਰੇੱਟ ਟੂ ਕੈਨੇਡਾ' ਵਿਚ ਚਿੰਤਾ ਦੇ ਰੂਪ ਵਿਚ ਦੱਸਿਆ ਸੀ। ਇਸ ਰੀਪੋਰਟ ਵਿਚ ਖ਼ਾਲਿਸਤਾਨੀ ਵੱਖਵਾਦ ਨੂੰ ਸਿੱਖ (ਖ਼ਾਲਿਸਤਾਨ) ਐਕਸਟ੍ਰਰੀਮਿਜ਼ਮ ਦੇ ਨਾਮ ਨਾਲ ਅਤਿਵਾਦੀ ਖ਼ਤਰਾ ਮੰਨਿਆ ਗਿਆ ਸੀ। ਪਰ ਹਾਲ ਹੀ 'ਚ ਕੈਨੇਡਾ ਸਰਕਾਰ ਨੇ ਆਪਣੀ ਖਤਰੇ ਦੀ ਸੂਚੀ ਵਾਲੀ ਰਿਪੋਰਟ ਵਿੱਚੋਂ ਸਿੱਖ ਸ਼ਬਦ ਹਟਾ ਲਿਆ ਸੀ।