ਪੰਜਾਬ ਯੂਨੀਵਰਸਿਟੀ ਦੇ ਪਾੜ੍ਹਿਆਂ ਵੱਲੋਂ ਰੋਸ ਪ੍ਰਦਰਸ਼ਨ

24

April

2019

ਚੰਡੀਗੜ੍ਹ, 24 ਅਪਰੈਲ ਪੀਯੂ ਦੇ ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਮੰਨਵਾਉਣ ਅਤੇ ਉਪ-ਕੁਲਪਤੀ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਲਈ ਅੱਜ ਉਪ-ਕੁਲਪਤੀ ਦਫ਼ਤਰ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ। ਵਿਦਿਆਰਥੀ ਜਥੇਬੰਦੀਆਂ ਐੱਸਐਫਐੱਸ ਅਤੇ ਵਿਦਿਆਰਥੀ ਕੌਸਲ ਵੱਲੋਂ ਅੱਜ ਪ੍ਰਧਾਨ ਕਨੂਪ੍ਰਿਆ ਦੀ ਅਗਵਾਈ ਵਿਚ ਨਾਅਰੇਬਾਜ਼ੀ ਕੀਤੀ ਗਈ। ਵਿਦਿਆਰਥੀਆਂ ਨੇ ਕਿਹਾ ਕਿ ਪਿਛਲੇ ਸਾਲ ਅਕਤੂਬਰ ਤੋਂ ਦਸੰਬਰ ਤੱਕ 45 ਦਿਨ ਦੇ ਵਿਰੋਧ ਪ੍ਰਦਰਸ਼ਨ ਮਗਰੋਂ ਗੁਰੂ ਤੇਗ ਬਹਾਦਰ ਹਾਲ ਨੂੰ ਵਿਦਿਆਰਥੀਆਂ ਲਈ ਰੀਡਿੰਗ ਹਾਲ ਵਜੋਂ ਖੋਲ੍ਹਣ ਦੀ ਮੰਗ ਉਪ-ਕੁਲਪਤੀ ਵੱਲੋਂ ਮੰਨੀ ਗਈ ਸੀ ਪਰ ਇਸ ਨੂੰ ਵਿਦਿਆਰਥੀਆਂ ਲਈ ਖੋਲ੍ਹਿਆ ਨਹੀਂ ਗਿਆ। ਉਨ੍ਹਾਂ ਮੰਗ ਕੀਤੀ ਕਿ ਆਉਣ ਵਾਲੀਆਂ ਪ੍ਰੀਖਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਲਾਇਬ੍ਰੇਰੀ ਅਤੇ ਗੁਰੂ ਤੇਗ ਬਹਾਦਰ ਰੀਡਿੰਗ ਹਾਲ ਨੂੰ 24 ਘੰਟੇ ਖੋਲ੍ਹਿਆ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਹੋਸਟਲਾਂ ਵਿਚ ਚੰਗਾ ਖਾਣਾ ਯਕੀਨੀ ਬਣਾਉਣ ਲਈ ਸਹਿਕਾਰੀ ਮੈਸਾਂ ਖੋਲ੍ਹੀਆਂ ਜਾਣ। ਇਨ੍ਹਾਂ ਮੈਸਾਂ ਦੀ ਸ਼ੁਰੂਆਤ ਲਈ ਵਿਦਿਆਰਥੀ ਕੌਂਸਲ ਦੇ 2018-19 ਦੇ ਬਾਕੀ ਬਚਦੇ ਫੰਡਾਂ ਦੀ ਵਰਤੋਂ ਕੀਤੀ ਜਾਵੇ। ਇਸ ਤੋਂ ਇਲਾਵਾ ਨਵੇਂ ਵਿਦਿਆਰਥੀਆਂ ਨੂੰ ਹੋਸਟਲ ਅਲਾਟ ਕਰਨ ਮੌਕੇ ਪਾਰਦਰਸ਼ਤਾ ਵਰਤਣ ਦੀ ਮੰਗ ਕੀਤੀ ਗਈ। ਵਿਦਿਆਰਥੀਆਂ ਨੇ ਮੰਗ ਕੀਤੀ ਕਿ ਅਗਲੇ ਸਾਲ ਤੋਂ ਹੋਸਟਲਾਂ ਲਈ ਆਨਲਾਈਨ ਪੋਰਟਲ ਚਲਾਇਆ ਜਾਵੇ। ਇਸੇ ਦੌਰਾਨ ‘ਅਕਾਦਮਿਕ ਫੌਰਮ ਆਫ਼ ਸਿੱਖ ਸਟੂਡੈਂਟਸ’ ਵੱਲੋਂ ਲਾਇਬ੍ਰੇਰੀਅਨ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਸਮੱਸਿਆਵਾਂ ਹੱਲ ਕਰਨ ਦੀ ਮੰਗ ਕੀਤੀ ਗਈ। ਲਾਇਬ੍ਰੇਰੀ ਮੁਖੀ ਨੇ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੱਤਾ।