Arash Info Corporation

ਹਾਦਸੇ ਵਿੱਚ ਪਤਨੀ ਹਲਾਕ; ਪਤੀ ਜ਼ਖ਼ਮੀ

23

April

2019

ਐਸ.ਏ.ਐਸ. ਨਗਰ (ਮੁਹਾਲੀ), 23 ਅਪਰੈਲ ਇੱਥੋਂ ਦੇ ਰਾਧਾ ਸੁਆਮੀ ਟਰੈਫ਼ਿਕ ਲਾਈਟ ਚੌਕ ਨੇੜੇ ਸੋਮਵਾਰ ਨੂੰ ਵਾਪਰੇ ਸੜਕ ਹਾਦਸੇ ਵਿੱਚ ਇਕ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਉਸ ਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਦੇਵੀ ਯਾਦਵ (42) ਵਾਸੀ ਡੇਰਾਬੱਸੀ ਵਜੋਂ ਹੋਈ ਹੈ, ਜਦੋਂਕਿ ਉਸ ਦੇ ਜ਼ਖ਼ਮੀ ਪਤੀ ਸੁਧਾਮਾ ਪ੍ਰਸ਼ਾਦ ਯਾਦਵ ਨੂੰ ਵੀ ਕਾਫੀ ਸੱਟਾਂ ਲੱਗੀਆਂ ਹਨ।ਥਾਣਾ ਸੋਹਾਣਾ ਦੀ ਐਸਐਚਓ ਖੁਸ਼ਪ੍ਰੀਤ ਕੌਰ ਅਤੇ ਜਾਂਚ ਅਧਿਕਾਰੀ ਏਐਸਆਈ ਸੰਜੇ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਟਰੱਕ ਚਾਲਕ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਹਾਦਸਾ ਗ੍ਰਸਤ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ, ਜਦੋਂਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਸੁਧਾਮਾ ਪ੍ਰਸ਼ਾਦ ਯਾਦਵ ਆਪਣੀ ਪਤਨੀ ਦੇਵੀ ਯਾਦਵ ਸਮੇਤ ਐਕਟਿਵਾ ’ਤੇ ਡੇਰਾਬੱਸੀ ਤੋਂ ਮੁਹਾਲੀ ਆਰਟੀਏ ਦਫ਼ਤਰ ਆ ਰਿਹਾ ਸੀ, ਜਦੋਂ ਉਹ ਸੋਹਾਣਾ ਤੋਂ ਅੱਗੇ ਰਾਧਾ ਸੁਆਮੀ ਚੌਂਕ ਨੇੜੇ ਪੁੱਜਾ ਤਾਂ ਅਚਾਨਕ ਤੇਜ਼ ਰਫ਼ਤਾਰ ਨਾਲ ਆ ਰਹੇ ਇਕ ਟਰੱਕ ਨੇ ਉਨ੍ਹਾਂ ਦੇ ਐਕਟਿਵਾ ਸਕੂਟਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਸਕੂਟਰ ਬੇਕਾਬੂ ਹੋ ਕੇ ਸੜਕ ’ਤੇ ਡਿੱਗ ਪਿਆ। ਇਸ ਦੌਰਾਨ ਟਰੱਕ ਦਾ ਟਾਇਰ ਦੇਵੀ ਯਾਦਵ ਦੇ ਸਿਰ ਉੱਤੋਂ ਦੀ ਲੰਘ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਸ ਦਾ ਪਤੀ ਸੁਧਾਮਾ ਪ੍ਰਸ਼ਾਦ ਜ਼ਖ਼ਮੀ ਹੋ ਗਿਆ। ਉਧਰ, ਪ੍ਰਤੱਖਦਰਸ਼ੀਆਂ ਅਨੁਸਾਰ ਇਸ ਹਾਦਸੇ ਤੋਂ ਬਾਅਦ ਟਰੱਕ ਚਾਲਕ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਲੇਕਿਨ ਮੌਕੇ ’ਤੇ ਹਾਜ਼ਰ ਲੋਕਾਂ ਨੇ ਟਰੱਕ ਦਾ ਪਿੱਛਾ ਕੀਤਾ ਪ੍ਰੰਤੂ ਟਰੱਕ ਚਾਲਕ ਨੇ ਪਿੰਡ ਲਾਂਡਰਾਂ ਨੇੜੇ ਟਰੱਕ ਨੂੰ ਖੜ੍ਹਾ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਜਾਂਚ ਅਧਿਕਾਰੀ ਮੁਤਾਬਕ ਪੁਲੀਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ। ਜ਼ੀਰਕਪੁਰ (ਹਰਜੀਤ ਸਿੰਘ): ਇਥੋਂ ਦੀ ਛੱਤ ਰੋਡ ਤੇ ਲੰਘੀ ਸ਼ਾਮ ਇਕ ਕਾਰ ਦੀ ਲਪੇਟ ਵਿੱਚ ਆ ਕੇ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਬੀਰ ਸਿੰਘ ਦੇ ਰੂਪ ਵਿੱਚ ਹੋਈ ਹੈ ਜੋ ਛੱਤਬੀੜ ਚਿੜੀਆਘਰ ਵਿੱਚ ਨੌਕਰੀ ਕਰਦਾ ਸੀ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਬਲਬੀਰ ਸਿੰਘ ਵਾਸੀ ਪਿੰਡ ਸੁਰੇ ਜ਼ਿਲ੍ਹਾ ਪਟਿਆਲਾ ਨੇ ਦੱਸਿਆ ਕਿ ਉਹ ਆਪਣੇ ਚਾਚੇ ਦੇ ਲੜਕੇ ਜਸਬੀਰ ਸਿੰਘ ਵਾਸੀ ਪਿੰਡ ਬੇਸਰ ਕਲਾ ਜ਼ਿਲ੍ਹਾ ਪਟਿਆਲਾ ਹਾਲ ਵਾਸੀ ਪਿੰਡ ਛੱਤ ਸ਼ਤਾਬਗੜ੍ਹ ਸਥਿਤ ਡੀ ਮਾਰਟ ਤੋਂ ਮੋਟਰਸਾਈਕਲ ’ਤੇ ਘਰ ਜਾ ਰਹੇ ਸਨ। ਇਸੇ ਦੌਰਾਨ ਇਕ ਫੋਰਡ ਫੀਗੋ ਕਾਰ ਦੇ ਚਾਲਕ ਨੇ ਬੜੀ ਤੇਜ਼ ਰਫਤਾਰੀ ਤੇ ਲਾਪ੍ਰਵਾਹੀ ਨਾਲ ਚਾਚੇ ਦੇ ਲੜਕੇ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਜਸਬੀਰ ਸਿੰਘ ਮੋਟਰਸਾਈਕਲ ਸਮੇਤ ਹੇਠਾਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਹੰਗਾਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਕਾਰ ਚਾਲਕ ਰਿਸ਼ੀ ਕਪੂਰ ਵਾਸੀ ਚਮਕੌਰ ਸਾਹਿਬ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।