ਭਾਰਤੀ ਚੋਣ ਕਮਿਸ਼ਨ ਵੱਲੋਂ ਨਾਗਰਿਕਾਂ ਦੀ ਸਹੂਲਤ ਲਈ ਮੋਬਾਇਲ ਐਪਲੀਕੇਸ਼ਨਾਂ ਦੀ ਸ਼ੁਰੂਆਤ

05

April

2019

ਲੁਧਿਆਣਾ, 05 ਅਪ੍ਰੈਲ 2019 (ਵਿਕਰਮਪ੍ਰੀਤ): ਚੋਣਾਂ ਨਾਲ ਸਬੰਧਤ ਕੰਮਾਂ ਨੂੰ ਸੁਖਾਲਾ ਬਨਾਉਣ ਅਤੇ ਭਾਰਤੀ ਚੋਣ ਕਮਿਸ਼ਨ ਨੂੰ ਅੱਜ ਦੇ ਸਮੇਂ ਦਾ ਹਾਣੀ ਬਨਾਉਣ ਦੇ ਮਕਸਦ ਨਾਲ ਭਾਰਤੀ ਚੋਣ ਕਮਿਸ਼ਨ ਨੇ ਕਈ ਆਈ.ਟੀ. ਇਨੀਸ਼ੀਏਟਿਵ ਲਏ ਹਨ। ਇਸ ਇਨੀਸ਼ੀਏਟਿਵ ਤਹਿਤ ਭਾਰਤੀ ਚੋਣ ਕਮਿਸ਼ਨਰ ਨੇ ਕਈ ਵੋਟਰ ਫਰੈਂਡਲੀ ਮੋਬਾਇਲ ਐਪ, ਵੈਬਸਾਇਟ ਅਤੇ ਹੈਲਪ ਲਾਈਨ ਸ਼ੁਰੂ ਕੀਤੀ ਹੈ। ਚੋਣ ਪ੍ਰਕਿਰਿਆ ਵਿੱਚ ਤਕਨਾਲੋਜੀ ਦੇ ਜਾਣਕਾਰ ਅਜੋਕੇ ਨੌਜਵਾਨਾਂ ਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਣ ਹਿੱਤ ਇੱਕ ਨਵੇਕਲਾ ਰਾਹ ਅਪਣਾਕੇ ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਵੱਲੋਂ ਕਈ ਤਕਨੀਕੀ ਪਹਿਲਕਦਮੀਆਂ ਕਰਦਿਆਂ ਕਈ ਮੋਬਾਇਲ ਐਪਲੀਕੇਸ਼ਨਾਂ ਅਤੇ ਚੋਣ ਪ੍ਰਕਿਰਿਆ ਨਾਲ ਸਬੰਧਤ ਕਈ ਹੋਰ ਆਨਲਾਈਨ ਸਹੂਲਤਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਨਾਂ ਦੀ ਵਰਤੋਂ ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਜ਼ਰੂਰੀ ਦਸਤਾਵੇਜ਼ /ਸਟੇਟਮੈਂਟਸ ਜਮਾਂ ਕਰਵਾਉਣ ਜਾਂ ਕਿਸੇ ਪ੍ਰਕਾਰ ਦੀ ਮਨਜ਼ੂਰੀ ਲੈਣ ਲਈ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ ਭਾਰਤੀ ਚੋਣ ਕਮਿਸ਼ਨ ਵੱਲੋਂ ਕੀਤੀਆਂ ਉਕਤ ਪਹਿਲਕਦਮੀਆਂ ਨਾਗਰਿਕਾਂ ਦੀ ਸਹੂਲਤ ਲਈ ਵਧੇਰੇ ਕਾਰਗਰ ਸਾਬਤ ਹੋਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ•ਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੀਆਂ ਐਪਲੀਕੇਸ਼ਨਾਂ ਵਿੱਚੋਂ ਇੱਕ 'ਸੁਵਿਧਾ ਐਪ' ਹੈ। ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਮੀਟਿੰਗ, ਰੈਲੀਆਂ ਆਦਿ ਕਰਨ ਤੋਂ ਪਹਿਲਾਂ ਮਨਜ਼ੂਰੀਆਂ ਲੈਣ ਸਬੰਧੀ ਅਪਲਾਈ ਕਰਨ ਲਈ ਇਹ ਇੱਕ ਸਿੰਗਲ ਵਿੰਡੋ ਸਿਸਟਮ ਹੈ। ਇਹ ਸਾਰੀ ਕਾਰਵਾਈ ਐਂਡਰਾਇਡ ਐਪ ਜ਼ਰੀਏ ਵੀ ਕੀਤੀ ਜਾ ਸਕਦੀ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ/ਪਾਰਟੀਆਂ ਦੁਆਰਾ ਬੇਨਤੀ ਕਰਨ ਦੇ 24 ਘੰਟੇ ਅੰਦਰ ਮਨਜ਼ੂਰੀਆਂ ਦੇਣ ਸਬੰਧੀ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਉਨ•ਾਂ ਅੱਗੇ ਦੱਸਿਆ ਕਿ 'ਸੀਵਿਜ਼ਲ' ਨਾਮੀ ਇੱਕ ਹੋਰ ਮਹੱਤਵਪੂਰਨ ਐਪ ਟਾਈਮ-ਸਟੈਂਪਡ, ਆਦਰਸ਼ ਚੋਣ ਜ਼ਾਬਤੇ ਦੇ ਪ੍ਰਮਾਣ ਅਧਾਰਤ ਸਬੂਤ/ਖ਼ਰਚਾ ਹੱਦ ਦੀ ਉਲੰਘਣਾ, ਆਟੋ ਲੋਕੇਸ਼ਨ ਡਾਟਾ ਨਾਲ ਲਾਈਵ ਫੋਟੋ/ਵੀਡੀਓ ਦੀ ਸਹੂਲਤ ਪ੍ਰਦਾਨ ਕਰਦੀ ਹੈ। ਕੋਈ ਵੀ ਨਾਗਰਿਕ ਮੋਬਾਇਲ ਐਪ ਜ਼ਰੀਏ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਫਿਰ ਉੱਡਣ ਦਸਤੇ ਮਾਮਲੇ ਦੀ ਪੜਤਾਲ ਕਰਦੇ ਹਨ ਅਤੇ ਰਿਟਰਨਿੰਗ ਅਫ਼ਸਰ ਫੈਸਲਾ ਲੈਂਦਾ ਹੈ। ਸੀਵਿਜ਼ਲ ਦਾ ਸਟੇਟਸ ਸੀਵਿਜ਼ਲ ਸ਼ਿਕਾਇਤਕਰਤਾ ਨਾਲ ਨਿਰਧਾਰਿਤ ਸਮਾਂ ਸੀਮਾ ਅੰਦਰ ਸਾਂਝਾ ਕੀਤਾ ਜਾ ਸਕਦਾ ਹੈ। 'ਵੋਟਰ ਹੈਲਪਲਾਈਨ' ਨਾਮੀ ਇੱਕ ਹੋਰ ਐਂਡਰਾਇਡ ਅਧਾਰਿਤ ਮੋਬਾਇਲ ਐਪ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਇਹ ਐਪ ਸਾਰੇ ਨਾਗਰਿਕਾਂ ਨੂੰ ਵੋਟਰ ਸੂਚੀ ਵਿੱਚ ਆਪਣਾ ਨਾਮ ਲੱਭਣ, ਆਨਲਾਈਨ ਫਾਰਮ ਜਮਾਂ ਕਰਵਾਉਣ, ਐਪਲੀਕੇਸ਼ਨ ਦਾ ਸਟੇਟਸ ਚੈੱਕ ਕਰਨ, ਮੋਬਾਇਲ ਐਪ 'ਤੇ ਸ਼ਿਕਾਇਤ ਦਰਜ ਕਰਵਾਉਣ ਅਤੇ ਜਵਾਬ ਹਾਸਲ ਕਰਨ ਦੇ ਨਾਲ ਨਾਲ ਬੂਥ ਲੈਵਲ ਅਧਿਕਾਰੀਆਂ, ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਅਤੇ ਜਿਲਾਂ ਚੋਣ ਅਫ਼ਸਰਾਂ ਨਾਲ ਸੰਪਰਕ ਕਰਨ ਸਬੰਧੀ ਵੇਰਵੇ ਹਾਸਲ ਕਰਨ ਦੀ ਸਹੂਲਤ ਪ੍ਰਦਾਨ ਕਰਦੀ ਹੈ। ਇਹ ਸਾਰੀ ਜਾਣਕਾਰੀ ਤੁਸੀਂ ਵੋਟਰ ਹੈਲਪਲਾਈਨ ਮੋਬਾਇਲ ਐਪ ਜਾਂ www.nvsp.in ਪੋਰਟਲ ਜਾਂ 1950 ਹੈਲਪਲਾਈਨ ਨੰਬਰ 'ਤੇ ਕਾਲ ਕਰਕੇ ਹਾਸਿਲ ਕਰ ਸਕਦੇ ਹੋ। ਇਸੇ ਤਰਜ਼ 'ਤੇ ਨਾਗਰਿਕ 1950 'ਤੇ ਐਸ.ਐਮ.ਐਸ. ਭੇਜ ਕੇ ਐਸ.ਐਮ.ਐਸ. ਸੇਵਾ ਦਾ ਲਾਭ ਵੀ ਉਠਾ ਸਕਦੇ ਹਨ ਅਤੇ ਇਹ ਬਿਲਕੁਲ ਮੁਫ਼ਤ ਹੈ। ਇਸ ਮੋਬਾਇਲ ਐਪ ਜ਼ਰੀਏ ਸਾਰੇ ਫਾਰਮ, ਨਤੀਜੇ, ਉਮੀਦਵਾਰ ਦਾ ਹਲਫ਼ਨਾਮਾ, ਪ੍ਰੈਸ ਨੋਟ, ਵੋਟਰ ਜਾਗਰੂਕਤਾ ਅਤੇ ਹੋਰ ਮਹੱਤਵਪੂਰਨ ਨਿਰਦੇਸ਼ ਆਦਿ ਸਹੂਲਤਾਂ ਉਪਲੱਬਧ ਹੋ ਜਾਂਦੀਆਂ ਹਨ। ਜ਼ਿਲ•ਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਇਸਦੇ ਨਾਲ ਹੀ ਪਰਸਨਜ਼ ਵਿਦ ਡਿਸਏਬਿਲਟੀ (ਪੀ.ਡਬਲਿਊ.ਡੀਜ਼) ਦੀ ਸਹੂਲਤ ਲਈ 'ਪੀ.ਡਬਲਿਊ.ਡੀ. ਐਪ' ਵੀ ਸ਼ੁਰੂ ਕੀਤੀ ਗਈ ਹੈ। ਇਸ ਐਪ ਪਰਸਨਜ਼ ਵਿਦ ਡਿਬਏਬਿਲਟੀ ਲਈ ਨਵੀਂ ਰਜਿਸਟ੍ਰੇਸ਼ਨ ਲਈ ਬੇਨਤੀ ਕਰਨ, ਪਤੇ ਵਿੱਚ ਤਬਦੀਲੀ, ਵੇਰਵੇ ਵਿੱਚ ਤਬਦੀਲੀ ਅਤੇ ਆਪਣੇ ਆਪ ਨੂੰ ਪੀ.ਡਬਲਿਊ.ਡੀ ਵਜੋਂ ਮਾਰਕ ਕਰਨ ਦੀਆਂ ਸਹੂਲਤਾਂ ਉਪਲੱਬਧ ਕਰਵਾਉਂਦੀ ਹੈ। ਪੀ.ਡਬਲਿਊ.ਡੀਜ਼ ਨੇ ਸਿਰਫ਼ ਆਪਣੇ ਸੰਪਰਕ ਸਬੰਧੀ ਵੇਰਵੇ ਭਰਨੇ ਹਨ ਅਤੇ ਫਿਰ ਉਨਾਂ ਨੂੰ ਡੋਰਸਟੈੱਪ ਫੈਸਿਲਟੀ ਪ੍ਰਦਾਨ ਕਰਨਾ ਬੂਥ ਲੈਵਲ ਅਫ਼ਸਰ ਦੀ ਜ਼ਿੰਮੇਵਾਰੀ ਹੋਵੇਗੀ। ਵੋਟਿੰਗ ਦੌਰਾਨ ਪੀ.ਡਬਲਿਊ.ਡੀਜ਼ ਵੀਲਚੇਅਰ ਲਈ ਬੇਨਤੀ ਵੀ ਕਰ ਸਕਦੇ ਹਨ। ਉਨ•ਾਂ ਆਸ ਪ੍ਰਗਟਾਈ ਕਿ ਤਕਨਾਲੋਜੀ ਦੀ ਵਰਤੋਂ, ਲੋਕਾਂ ਨੂੰ ਵੋਟਰ ਵਜੋਂ ਆਪਣਾ ਨਾਮ ਦਰਜ ਕਰਨ ਅਤੇ ਚੋਣ ਪ੍ਰਕਿਰਿਆ ਵਿੱਚ ਹਿੱਸਾ ਪਾਉਣ ਨੂੰ ਹੋਰ ਸੁਖਾਲਾ ਬਣਾ ਦੇਵੇਗੀ ਅਤੇ ਇਸ ਨਾਲ ਕਿਸੇ ਕਿਸਮ ਦੀ ਉਲੰਘਣਾ ਬਾਰੇ ਜਾਣੂ ਕਰਵਾਕੇ ਸਾਫ-ਸੁਥਰੀਆਂ ਤੇ ਨਿਰਪੱਖ ਚੋਣਾਂ ਕਰਵਾਉਣ ਵਿੱਚ ਵੀ ਸਹਾਇਤਾ ਮਿਲੇਗੀ। ਉਨਾਂ ਨੇ ਲੋਕਾਂ ਨੂੰ ਤਕਨਾਲੋਜੀ ਦੀਆਂ ਇਨਾਂ ਸਹੂਲਤਾਂ ਨੂੰ ਵਰਤ ਕੇ ਜਮਹੂਰੀਅਤ ਦੀ ਮਜ਼ਬੂਤੀ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਲਈ ਅਪੀਲ ਕੀਤੀ।