ਕਿਰਨ ਖੇਰ ਤੇ ਸੰਜੇ ਟੰਡਨ ਵੱਲੋਂ ਟਿਕਟ ਲਈ ਚਾਰਾਜੋਈ

05

April

2019

ਚੰਡੀਗੜ੍ਹ, 5 ਅਪਰੈਲ ਕਾਂਗਰਸ ਦੀ ਟਿਕਟ ਹਾਸਲ ਕਰਕੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਭਾਵੇਂ ਸੁਰਖਰੂ ਹੋ ਗਏ ਹਨ ਪਰ ਭਾਜਪਾ ਦੀ ਟਿਕਟ ਹਾਸਲ ਕਰਨ ਲਈ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਅਤੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸੰਜੇ ਟੰਡਨ ਨੇ ਜੁਗਾੜ ਤੇਜ਼ ਕਰ ਦਿੱਤੇ ਹਨ। ਇਕ ਪਾਸੇ ਕਿਰਨ ਖੇਰ ਚੰਡੀਗੜ੍ਹ ਵਾਸੀਆਂ ਦੇ ਸੰਪਰਕ ਵਿਚ ਹੈ, ਦੂਸਰੇ ਪਾਸੇ ਸ੍ਰੀ ਟੰਡਨ ਪਾਰਟੀ ਦੇ ਆਗੂਆਂ ਨਾਲ ਨਿਰੰਤਰ ਰਾਬਤਾ ਬਣਾ ਰਹੇ ਹਨ। ਇਸੇ ਦੌਰਾਨ ਕੁਝ ਸੰਸਥਾਵਾਂ ਰਾਹੀਂ ਉਨ੍ਹਾਂ ਨੂੰ ਟਿਕਟ ਦੇਣ ਲਈ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਸਿਫਾਰਸ਼ੀ ਪੱਤਰ ਵੀ ਭੇਜੇ ਰਹੇ ਹਨ। ਦੱਸਣਯੋਗ ਹੈ ਕਿ ਕਿਰਨ ਖੇਰ ਤੇ ਸੰਜੇ ਟੰਡਨ ਆਪਣੀਆਂ ਸਰਗਰਮੀਆਂ ਦੀ ਰਿਪੋਰਟ ਹਾਈ ਕਮਾਂਡ ਨੂੰ ਭੇਜ ਕੇ ਟਿਕਟ ਪੱਕੀ ਕਰਨ ਦੇ ਯਤਨ ਕਰ ਰਹੇ ਹਨ। ਕਿਰਨ ਖੇਰ ਨੇ ਇਸ ਪੰਜਾਬੀ ਖਿਤੇ ਵਿੱਚ ਅੰਗਰੇਜ਼ੀ ਪ੍ਰੋਗਰਾਮ ‘ਮਾਈ ਸਿਟੀ ਮਾਈ ਪੀਪਲਜ਼’ ਸ਼ੁਰੂ ਕੀਤਾ ਹੋਇਆ ਹੈ। ਉਹ ਪਿੰਡਾਂ ਤੋਂ ਲੈ ਕੇ ਸੈਕਟਰਾਂ ਤਕ ਦੇ ਵੋਟਰਾਂ ਨੂੰ ਪਲੋਸ ਰਹੀ ਹੈ। ਉਸ ਨੇ ਪਿੰਡ ਕਜਹੇੜੀ ਦੀ ਗੇੜੀ ਲਾਈ ਅਤੇ ਹੱਥ ਜੋੜ ਕੇ ਸਮਰਥਨ ਮੰਗਿਆ। ਇਸੇ ਤਰ੍ਹਾਂ ਉਨ੍ਹਾਂ ਨੇ ਲੋਕਾਂ ਨਾਲ ਖੁੱਲ੍ਹੀਆਂ-ਡੁੱਲ੍ਹੀਆਂ ਗੱਲਾਂ ਵੀ ਕੀਤੀਆਂ। ਕਿਰਨ ਨੇ ‘ਮੈਂ ਭੀ ਹੂੰ ਚੌਕੀਦਾਰ’ ਮੁਹਿ਼ੰਮ ਤਹਿਤ 85 ਸਾਲਾਂ ਦੇ ਬਜ਼ੁਰਗ ਕਰਮ ਸਿੰਘ ਨਾਲ ਤਸਵੀਰਾਂ ਵੀ ਖਿਚਵਾਈਆਂ। ਉਨ੍ਹਾਂ ਨੇ ਟਿਕਟ ਦਾ ਜੁਗਾੜ ਕਰਨ ਲਈ ਸਾਬਕਾ ਸੰਸਦ ਮੈਂਬਰ ਸਤਪਾਲ ਜੈਨ ਦੇ ਸੈਕਟਰ-15 ਘਰ ਵੱਲ ਵਹੀਰਾਂ ਘੱਤੀਆਂ ਤੇ ਟਿਕਟ ਦਿਵਾਉਣ ਲਈ ਸਹਿਯੋਗ ਮੰਗਿਆ। ਸ੍ਰੀ ਜੈਨ ਵੀ ਟਿਕਟ ਦੇ ਦਾਅਵੇਦਾਰ ਹਨ ਪਰ ਉਨ੍ਹਾਂ ਨੇ ਹਾਈ ਕਮਾਂਡ ਨੂੰ ਕਿਹਾ ਹੈ ਕਿ ਜੇ ਮੌਜੂਦਾ ਸੰਸਦ ਮੈਂਬਰ ਨੂੰ ਮੁੜ ਟਿਕਟ ਦੇਣ ਦੀ ਨੀਤੀ ਤਹਿਤ ਕਿਰਨ ਨੂੰ ਟਿਕਟ ਦਿੱਤੀ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਇਸ ਮਗਰੋਂ ਕਿਰਨ ਖੇਰ ਨੇ ਪਿੰਡ ਰਾਏਪੁਰ ਖੁਰਦ ਜਾ ਕੇ ਨੰਬਰਦਾਰ ਨਛੱਤਰ ਸਿੰਘ ਦੇ ਘਰ ਵਿਚ ਲੋਕਾਂ ਨਾਲ ਗੱਲਬਾਤ ਕੀਤੀ। ਕਿਰਨ ਨੇ ਅੱਜ ਪੰਜਾਬ ਯੂਨੀਵਰਸਿਟੀ ਦੇ ਡੈਂਟਲ ਵਿਭਾਗ ਦੇ ਵਿਦਿਆਰਥੀਆਂ ਨਾਲ ਵੀ ਮਿਲਣੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਕੈਨੇਡਾ ਦੇ ਸਾਬਕਾ ਸੰਸਦ ਮੈਂਬਰ ਗੁਰਵੰਤ ਗਰੇਵਾਲ ਨਾਲ ਇਥੇ ਮੀਟਿੰਗ ਕੀਤੀ। ਇਸੇ ਦੌਰਾਨ ‘ਪਿੰਡ ਵਸਾਓ ਕਮੇਟੀ’ ਚੰਡੀਗੜ੍ਹ ਦੇ ਪ੍ਰਧਾਨ ਸਤਪਾਲ ਤੇ ਹੋਰ ਆਗੂਆਂ ਨੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਸੰਜੇ ਟੰਡਨ ਨੂੰ ਟਿਕਟ ਦੇਣ ਦੀ ਮੰਗ ਕਰਦਿਆਂ ਕਿਹਾ ਹੈ ਕਿ ਸ੍ਰੀ ਟੰਡਨ ਦਾ ਸੈਕਟਰਾਂ, ਪਿੰਡਾਂ ਅਤੇ ਕਲੋਨੀਆਂ ਵਿਚਲੇ ਲੋਕਾਂ ’ਚ ਖੂਬ ਪ੍ਰਭਾਵ ਹੈ ਅਤੇ ਉਨ੍ਹਾਂ ਨੂੰ ਟਿਕਟ ਦੇਣ ਦੀ ਸੂਰਤ ਵਿਚ ਭਾਜਪਾ ਦੀ ਜਿੱਤ ਪੱਕੀ ਹੈ। ਇਸੇ ਦੌਰਾਨ ਸ਼ਿਵ ਸੈਨਾ (ਹਿੰਦੋਸਤਾਨ) ਦੇ ਕੌਮੀ ਪ੍ਰਧਾਨ ਪਵਨ ਕੁਮਾਰ ਗੁਪਤਾ ਨੇ ਚੰਡੀਗੜ੍ਹ ਤੋਂ ਮਲੋਆ ਦੇ ਵਸਨੀਕ ਜਗਦੀਸ਼ ਨਿਧਾਨ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨਿਆ ਹੈ।