ਟਰੈੱਵਲ ਏਜੰਟ ਦਫ਼ਤਰ ਨੂੰ ਤਾਲਾ ਲਗਾ ਕੇ ਫ਼ਰਾਰ

04

April

2019

ਐਸਏਐਸ ਨਗਰ (ਮੁਹਾਲੀ) 4 ਅਪਰੈਲ, ਇੱਥੋਂ ਦੇ ਫੇਜ਼-11 ਸਥਿਤ ਟਰੈਵਲ ਏਜੰਟ ਆਪਣਾ ਦਫ਼ਤਰ ਬੰਦ ਕਰਕੇ ਫਰਾਰ ਹੋ ਗਿਆ। ਇਸ ਗੱਲ ਉਸ ਸਮੇਂ ਪਤਾ ਲੱਗਾ ਜਦੋਂ ਪੀੜਤ ਵਿਅਕਤੀ ਰੂਟੀਨ ਵਿੱਚ ਆਪਣੀ ਫਾਈਲ ਦਾ ਸਟੇਟਸ ਪਤਾ ਕਰਨ ਟਰੈਵਲ ਏਜੰਟ ਦੇ ਦਫ਼ਤਰ ਵਿੱਚ ਪਹੁੰਚੇ। ਉਨ੍ਹਾਂ ਦੇਖਿਆ ਏਜੰਟ ਦਾ ਦਫ਼ਤਰ ਬੰਦ ਪਿਆ ਸੀ। ਪੀੜਤ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਏਜੰਟ ਫਰਾਰ ਹੋ ਗਿਆ ਹੈ। ਉਧਰ, ਫੇਜ਼-11 ਦੇ ਥਾਣੇ ਵਿੱਚ ਅੱਜ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪੀੜਤ ਵਿਅਕਤੀਆਂ ਕੇ ਮੰਗ ਕੀਤੀ ਕਿ ਵਿਦੇਸ ਭੇਜਣ ਦੇ ਨਾਂ ’ਤੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਕੇ ਦਫ਼ਤਰ ਬੰਦ ਕਰਕੇ ਫਰਾਰ ਹੋਏ ਟਰੈਵਲ ਏਜੰਟ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪੀੜਤ ਵਿਅਕਤੀਆਂ ਜਸਵੀਰ ਸਿੰਘ, ਭਾਰਤ ਭੂਸ਼ਣ, ਮਤਾ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਫੇਜ਼-11 ਵਿੱਚ ਸਥਿਤ ਇੱਕ ਟਰੈਵਲ ਏਜੰਟ ਨੇ ਉਨ੍ਹਾਂ ਤੋਂ ਵਿਦੇਸ਼ ਭੇਜਣ ਦੇ ਨਾਮ ’ਤੇ ਲੱਖਾਂ ਰੁਪਏ ਲੈ ਲਏ ਸਨ ਪਰ ਬਾਅਦ ਵਿਚ ਉਨ੍ਹਾਂ ਨੂੰ ਵਿਦੇਸ਼ ਨਹੀਂ ਭੇਜਿਆ ਗਿਆ। ਪੀੜਤਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਪਹਿਲਾਂ ਵੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਅਤੇ ਉਸ ਵੇਲੇ ਪੁਲੀਸ ਅਧਿਕਾਰੀਆਂ ਨੇ ਕਿਹਾ ਸੀ ਕਿ ਉਕਤ ਟਰੈੱਵਲ ਏਜੰਟ ਦਾ ਪਾਸਪੋਰਟ ਪੁਲੀਸ ਨੇ ਆਪਣੇ ਕੋਲ ਰੱਖ ਲਿਆ ਹੈ ਅਤੇ ਹੁਣ ਇਹ ਏਜੰਟ ਕਿਧਰੇ ਵੀ ਭੱਜ ਨਹੀਂ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਟਰੈੱਵਲ ਏਜੰਟ ਆਪਣੀ ਕੰਪਨੀ ਦੇ ਦਫ਼ਤਰ ਨੂੰ ਤਾਲਾ ਲਗਾ ਕੇ ਗਾਇਬ ਹੋ ਗਏ ਹਨ।