ਖੰਨਾ ’ਚ 62 ਲੱਖ ਰੁਪਏ ਤੇ ਹੈਰੋਇਨ ਸਮੇਤ 7 ਕਾਬੂ

22

March

2019

ਖੰਨਾ, ਨਸ਼ਾ ਤਸਕਰੀ ਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਖੰਨਾ ਪੁਲੀਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਧਰੁਵ ਦਾਹੀਆ ਨੇ ਦੱਸਿਆ ਕਿ ਇੰਸਪੈਕਟਰ ਅਨਵਰ ਅਲੀ ਤੇ ਥਾਣੇਦਾਰ ਬਖਸ਼ੀਸ਼ ਸਿੰਘ ਦੀ ਪੁਲੀਸ ਪਾਰਟੀ ਨੇ ਪ੍ਰਿਸਟਿਨ ਮਾਲ ਅਲੌੜ ਨੇੜੇ ਨਾਕਾਬੰਦੀ ਦੌਰਾਨ ਗੋਬਿੰਦਗੜ੍ਹ ਵੱਲੋਂ ਆ ਰਹੀ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ ਲਿਫ਼ਾਫ਼ੇ ਵਿਚ ਲਪੇਟੀ ਇਕ ਕਿਲੋ ਹੈਰੋਇਨ, 4 ਮੋਬਾਈਲ ਤੇ ਇਕ ਸਿਲਵਰ ਚੇਨ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਹੈਰੀਸਨ ਚਿੰਦੂ ਨਾਜ਼ੀ ਵਾਸੀ ਨਾਇਜੀਰੀਆ ਹਾਲ ਵਾਸੀ ਭਗਤ ਸਿੰਘ ਮਾਰਗ (ਨਵੀਂ ਦਿੱਲੀ) ਵਜੋਂ ਹੋਈ। ਇਸੇ ਤਰ੍ਹਾਂ ਮਨਜੀਤ ਸਿੰਘ ਉਪ ਪੁਲੀਸ ਕਪਤਾਨ ਤੇ ਸਹਾਇਕ ਥਾਣੇਦਾਰ ਸੁਖਵੀਰ ਸਿੰਘ ਨੇ ਨਾਕਾਬੰਦੀ ਦੌਰਾਨ ਗੋਬਿੰਦਗੜ੍ਹ ਵੱਲੋਂ ਆ ਰਹੀ ਇਕ ਸਵਿਫ਼ਟ ਕਾਰ ਵਿਚ ਪਏ ਬੈਗ ਵਿਚੋਂ ਟਿਫ਼ਿਨ ਵਿਚ ਛੁਪਾ ਕੇ ਰੱਖੀ 12 ਲੱਖ 50 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ। ਇਸ ਸਬੰਧੀ ਗੌਰਵ, ਆਸ਼ੂ ਗੋਇਲ ਅਤੇ ਰਾਜ ਕੁਮਾਰ ਤਿੰਨੋਂ ਵਾਸੀ ਬਡੋਹਦ (ਯੂ.ਪੀ) ਵੱਲੋਂ ਕੋਈ ਠੋਸ ਦਸਤਾਵੇਜ਼ ਪੇਸ਼ ਨਹੀਂ ਕੀਤਾ ਜਾ ਸਕਿਆ। ਇਨਕਮ ਟੈਕਸ (ਇਨਵੈਸਟੀਗੇਸ਼ਨ ਵਿੰਗ) ਲੁਧਿਆਣਾ ਨੂੰ ਮੌਕੇ ’ਤੇ ਬੁਲਾ ਕੇ ਤਿੰਨਾਂ ਨੂੰ ਉਨ੍ਹਾਂ ਹਵਾਲੇ ਕੀਤਾ ਗਿਆ। ਥਾਣੇਦਾਰ ਸੁਖਵੀਰ ਸਿੰਘ ਨੇ ਪੁਲੀਸ ਪਾਰਟੀ ਸਮੇਤ ਨਾਕਾਬੰਦੀ ਦੌਰਾਨ ਅਲੌੜ ਨੇੜੇ ਇਕ ਆਈ-20 ਕਾਰ ਨੂੰ ਰੋਕ ਕੇ ਚੈੱਕ ਕੀਤਾ ਤਾਂ ਕਾਰ ਦੀ ਡਿੱਗੀ ਵਿਚ ਪਏ ਡੱਬੇ ਵਿਚੋਂ 49 ਲੱਖ 80 ਹਜ਼ਾਰ ਰੁਪਏ ਦੀ ਰਾਸ਼ੀ ਬਰਾਮਦ ਹੋਈ। ਇਸ ਸਬੰਧੀ ਮਨੋਜ ਕੁਮਾਰ, ਵਿਸ਼ਾਲ ਅਰੋੜਾ ਅਤੇ ਨਰਿੰਦਰ ਸਿੰਘ ਤਿੰਨੋਂ ਵਾਸੀ ਰਾਜਾਗੜ੍ਹ ਰਜੌਰੀ ਗਾਰਡਨ (ਨਵੀਂ ਦਿੱਲੀ) ਨੂੰ ਇਨਕਮ ਟੈਕਸ (ਇਨਵੈਸਟੀਗੇਸ਼ਨ ਵਿੰਗ) ਲੁਧਿਆਣਾ ਦੇ ਹਵਾਲੇ ਕੀਤਾ ਗਿਆ।