ਪਿਤਾ ਵੱਲੋਂ ਨਾਬਾਲਗ ਧੀ ਨਾਲ ਜਬਰ-ਜਨਾਹ

22

March

2019

ਐਸਏਐਸ ਨਗਰ (ਮੁਹਾਲੀ), ਪਿੰਡ ਰਾਮਗੜ੍ਹ-ਦਾਊਂ ਵਿੱਚ ਪਿਤਾ ਨੇ ਆਪਣੀ ਨਾਬਾਲਗ ਲੜਕੀ ਨਾਲ ਕਥਿਤ ਤੌਰ ’ਤੇ ਜਬਰ-ਜਨਾਹ ਕੀਤਾ। ਬਲੌਂਗੀ ਥਾਣੇ ਦੀ ਪੁਲੀਸ ਨੇ ਮੁਲਜ਼ਮ ਕਪੂਰ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਵੱਲੋਂ ਇਹ ਕਾਰਵਾਈ ਬਲਾਕ ਸਮਿਤੀ ਦੇ ਮੈਂਬਰ ਰਣਜੀਤ ਸਿੰਘ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਥਾਣਾ ਬਲੌਂਗੀ ਦੇ ਐੱਸਐਚਓ ਯੋਗੇਸ਼ ਕੁਮਾਰ ਨੇ ਪਿਤਾ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੀੜਤ ਬੱਚੀ ਦਾ ਵੀਰਵਾਰ ਨੂੰ ਮੈਡੀਕਲ ਕਰਵਾਇਆ ਜਾਵੇਗਾ। ਬਲਾਕ ਸਮਿਤੀ ਮੈਂਬਰ ਨੇ ਪੁਲੀਸ ਨੂੰ ਦੱਸਿਆ ਕਿ ਲੰਘੀ ਰਾਤ ਉਹ ਆਪਣੇ ਕੰਮ ਤੋਂ ਵਾਪਸ ਘਰ ਆ ਰਿਹਾ ਸੀ ਤਾਂ ਇਸ ਦੌਰਾਨ ਉਸ ਨੇ ਦੇਖਿਆ ਕਿ ਨਾਬਾਲਗ ਲੜਕੀ ਘਰ ਦੇ ਬਾਹਰ ਖੜ੍ਹੀ ਕੁਰਲਾ ਰਹੀ ਸੀ। ਜਦੋਂ ਉਸ ਨੇ ਲੜਕੀ ਦੇ ਕੋਲ ਜਾ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦੇ ਪਿਤਾ ਕਪੂਰ ਸਿੰਘ ਨੇ ਉਸ ਨਾਲ ਜਬਰ-ਜਨਾਹ ਕੀਤਾ ਹੈ। ਉਧਰ, ਸੂਤਰਾਂ ਦੀ ਜਾਣਕਾਰੀ ਅਨੁਸਾਰ ਮਹਿਲਾ ਪੁਲੀਸ ਦੀ ਮੌਜੂਦਗੀ ਵਿੱਚ ਪੀੜਤ ਲੜਕੀ ਨੇ ਆਪਬੀਤੀ ਦੱਸਦਿਆਂ ਕਿਹਾ ਕਿ ਉਸ ਦੇ ਪਿਤਾ ਵੱਲੋਂ ਉਸ ਨਾਲ ਗਲਤ ਹਰਕਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਉਸ ਦਾ ਪਿਤਾ ਅਜਿਹੀ ਹਰਕਤ ਕਰ ਚੁੱਕਾ ਹੈ। ਪੁਲੀਸ ਨੇ ਲੜਕੀ ਨੂੰ ਪੁੱਛਿਆ ਕਿ ਜਦੋਂ ਉਸ ਦਾ ਪਿਤਾ ਅਜਿਹੀ ਹਰਕਤ ਕਰਦਾ ਸੀ ਤਾਂ ਉਸ ਨੇ ਵਿਰੋਧ ਨਹੀਂ ਕੀਤਾ ਤਾਂ ਪੀੜਤ ਲੜਕੀ ਦਾ ਕਹਿਣਾ ਸੀ ਕਿ ਜੇਕਰ ਉਹ ਆਪਣੇ ਪਿਤਾ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਯਤਨ ਕਰਦੀ ਸੀ ਤਾਂ ਉਸ ਨੂੰ ਬੂਰੀ ਤਰ੍ਹਾਂ ਕੁੱਟਿਆ ਜਾਂਦਾ ਸੀ। ਬੀਤੀ ਰਾਤ ਉਸ ਨੇ ਇਹ ਮਾਮਲਾ ਬਲਾਕ ਸਮਿਤੀ ਦੇ ਮੈਂਬਰ (ਸ਼ਿਕਾਇਤਕਰਤਾ) ਦੇ ਧਿਆਨ ਲਿਆਂਦਾ ਸੀ।