ਕਿਸਾਨ ਝੋਨਾ ਵੇਚਣ ਆਏ ਪਰ ਖਰੀਦਣ ਵਾਲੇ ਨਾ ਥਿਆਏ

02

October

2018

ਲਹਿਰਾਗਾਗਾ, ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਹਿਲੀ ਅਕਤੂਬਰ ਤੋਂ ਸਰਕਾਰੀ ਖ੍ਰੀਦ ਦੇ ਐਲਾਨ ਦੇ ਬਾਵਜੂਦ ਕੋਈ ਅਧਿਕਾਰੀ ਬੋਲੀ ਕਰਵਾਉਣ ਲਈ ਨਹੀਂ ਆਇਆ ਜਦੋਂਕਿ ਕੁਝ ਕਿਸਾਨ ਪੀਆਰ 126 ਝੋਨਾ ਅਨਾਜ ਮੰਡੀ ਵਿੱਚ ਵੇਚਣ ਲਈ ਲਿਆਏ। ਅੱਜ ਇਥੇ ਬਾਸਮਤੀ 1509 ਕਿਸਮ ਦਾ ਝੋਨਾ 2550 ਤੋਂ ਵੱਧ ਵਿਕਿਆ ਪਰ ਪੀਆਰ 126 ਕਿਸਮ ਦੇ ਝੋਨੇ ਦਾ ਕਿਸਾਨਾਂ ਨੂੰ ਕੰਟਰੋਲ ਰੇਟ 1770 ਮਿਲੇਗਾ। ਆੜ੍ਹਤੀਆਂ ਦਾ ਕਹਿਣਾ ਹੈ ਕਿ ਝੋਨੇ ਵਿੱਚ ਨਮੀ ਵੱਧ ਹੈ। ਲਹਿਰਾਗਾਗਾ ਮੁੱਖ ਯਾਰਡ ’ਚ ਗੰਦਗੀ ਤੋਂ ਇਲਾਵਾ ਲੁਹਾਰ ਪਰਿਵਾਰਾਂ ਨੇ ਆਪਣੀਆਂ ਝੌਪੜੀਆਂ ਪਾ ਰੱਖੀਆਂ ਹਨ ਅਤੇ ਰਸਤੇ ਮਿੱਟੀ ਤੇ ਗੰਦਗੀ ਨਾਲ ਭਰੇ ਪਏ ਹਨ। ਇਹੀ ਹਾਲਤ ਲੇਹਲ ਕਲਾਂ ਦੀ ਮੰਡੀ ਦਾ ਹੈ ਜਿਥੇ ਮੰਡੀ ਦੇ ਫਰਸ਼ਾਂ ’ਤੇ ਲਹਿਰਾਗਾਗਾ-ਮੂਨਕ ਸੜਕ ਬਣਾਉਣ ਵਾਲੇ ਠੇਕੇਦਾਰ ਨੇ ਰੋੜੇ ਦੇ ਟਰੱਕ ਲੁਹਾ ਦਿੱਤੇ ਸਨ ਜਿਸ ਨਾਲ ਫਰਸ਼ ਦੱਬ ਕੇ ਪਾਣੀ ਖੜ੍ਹਨ ਲੱਗਾ ਹੈ। ਇਸੇ ਤਰ੍ਹਾਂ ਹਰਿਆਓ ਦੇ ਫੋਕਲ ਪੁਆਇੰਟ ਦਾ ਕੇਂਦਰ ਲੋਕਾਂ ਦੀਆਂ ਪਾਥੀਆਂ ਨਾਲ ਭਰਾ ਪਿਆ ਹੈ। ਮਾਰਕਿਟ ਕਮੇਟੀ ਦੇ ਸੈਕਟਰੀ ਮਨਦੀਪ ਸਿੰਘ ਨੇ ਕਿਹਾ ਕਿ ਬਾਸਮਤੀ ਦੀ ਵਿਕਰੀ ’ਚ ਕੋਈ ਔਖ ਨਹੀਂ ਹੈ ਤੇ ਬਾਜ਼ਾਰੂ ਰੇਟ ਅਨੁਸਾਰ ਇਹ ਵਿੱਕ ਰਹੀ ਹੈ ਪਰ ਪੀਆਰ 126 ਕਿਸਮ ਝੋਨੇ ਵਿੱਚ ਨਮੀਂ ਵੱਧ ਹੈ। ਉਨ੍ਹਾਂ ਕਿਹਾ ਕਿ ਜੇ ਨਮੀਂ ਨਾ ਹੋਈ ਤਾਂ ਅੱਜ ਝੋਨੇ ਦੀ ਸਰਕਾਰੀ ਬੋਲੀ ਸ਼ੁਰੂ ਹੋਵੇਗੀ। ਪਰ ਉਹ ਮੀਟਿੰਗ ’ਚ ਹੋਣ ਕਰਕੇ ਵੇਰਵਾ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਝੋਨੇ ਦੀ ਬੋਲੀ ਬਾਰੇ ਕਿਸਾਨ ਉਨ੍ਹਾਂ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਉਧਰ, ਰਾਇਸ ਮਿਲਰਜ਼ ਯੂਨੀਅਨ ਦੇ ਚੇਅਰਮੈਨ ਸੋਮ ਨਾਥ ਸਿੰਗਲਾ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਸ਼ੈਲਰ ਮਾਲਕਾਂ ’ਤੇ ਝੋਨਾ ਮਿਲਿੰਗ ਲਈ ਲਾਈਆਂ ਸ਼ਰਤਾਂ ਕਰਕੇ ਪੂਰੇ ਸੂਬੇ ਵਿੱਚ ਸ਼ੈਲਰ ਮਾਲਕ ਹੜ੍ਹਤਾਲ ਕਰ ਰਹੇ ਹਨ। ਉਨ੍ਹਾਂ ਖੁਦ ਸ਼ੈਲਰਾਂ ’ਚ ਝੋਨਾ ਸਟੋਰ ਕਰਨ ਦੀ ਬਜਾਏ ਸਰਕਾਰੀ ਪੱਧਰ ’ਤੇ ਸਟੋਰ ਕਰਨ ਦੀ ਵੀ ਮੰਗ ਕੀਤੀ। ਮਾਰਕਿਟ ਕਮੇਟੀ ਦੇ ਲੇਖਾਕਾਰ ਰਣਧੀਰ ਸਿੰਘ ਖਾਲਸਾ ਨੇ ਕਿਹਾ ਕਿ ਸਫਾਈ ਦਾ ਕੰਮ ਠੇਕੇਦਾਰ ਸੋਮ ਨਾਥ ਵਰਮਾ ਨੂੰ ਅਨਾਜ ਮੰਡੀਆਂ ਦੀ ਸਫਾਈ, ਪਖਾਨੇ, ਰੌਸ਼ਨੀ ਅਤੇ ਛੌਲਦਾਰੀ ਕਰਨ ਦੀ ਅੱਜ ਹੀ ਸਖ਼ਤ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਏਜੰਸੀਆਂ ਨਾਲ ਸੰਪਰਕ ਕੀਤਾ ਹੈ ਤੇ ਏਜੰਸੀਆਂ ਨੂੰ ਭਲਕੇ ਫੜ ਵੰਡ ਕੇ ਬੋਲੀ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।