Arash Info Corporation

ਟਕਸਾਲੀਆਂ ਨਾਲ ਸਮਝੌਤਾ ਨਾ ਹੋਣ ’ਤੇ ਇਕੱਲਿਆਂ 13 ਸੀਟਾਂ ’ਤੇ ਲੜੇਗੀ ‘ਆਪ’

13

March

2019

ਚੰਡੀਗੜ੍ਹ, ਆਮ ਆਦਮੀ ਪਾਰਟੀ ਤੇ ਅਕਾਲੀ ਦਲ ਟਕਸਾਲੀ ਵਿਚਕਾਰ ਚੋਣ ਸਮਝੌਤਾ ਨਾ ਹੋਣ ਦੀ ਸੂਰਤ ਵਿਚ ‘ਆਪ’ ਇਕੱਲਿਆਂ 13 ਸੀਟਾਂ ਉਪਰ ਚੋਣ ਲੜੇਗੀ ਅਤੇ ਟਕਸਾਲੀਆਂ ਦਾ ਇਕ ਹਿੱਸਾ ‘ਆਪ’ ਨਾਲ ਗੱਠਜੋੜ ਕਾਇਮ ਕਰਨ ਲਈ ਬੀਰਦਵਿੰਦਰ ਸਿੰਘ ਨੂੰ ਬਠਿੰਡਾ ਤੋਂ ਚੋਣ ਲੜਾਉਣ ਦੀ ਪੇਸ਼ਕਸ਼ ਕਰ ਰਿਹਾ ਹੈ। ਸੂਤਰਾਂ ਅਨੁਸਾਰ ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਬੀਰਦਵਿੰਦਰ ਸਿੰਘ ਨੂੰ ਦਿੱਤੀ ਜ਼ੁਬਾਨ ਅਨੁਸਾਰ ਆਨੰਦਪੁਰ ਸਾਹਿਬ ਤੋਂ ਹੀ ਚੋਣ ਲੜਾਉਣ ਦੇ ਸਟੈਂਡ ਉਪਰ ਕਾਇਮ ਹਨ ਜਿਸ ਕਾਰਨ ਇਨ੍ਹਾਂ ਦੋਵਾਂ ਧਿਰਾਂ ਦੀ ਗੱਲ ਕਿਸੇ ਸਿਰੇ ਨਹੀਂ ਚੜ੍ਹ ਰਹੀ। ਸੂਤਰਾਂ ਅਨੁਸਾਰ ਦੂਸਰੇ ਪਾਸੇ ਪੀਡੀਏ ਵੱਲੋਂ ਕੱਲ੍ਹ ਦੋ ਖੱਬੀਆਂ ਧਿਰਾਂ ਨੂੰ ਵੀ ਆਪਣੇ ਨਾਲ ਮਿਲਾ ਕੇ ਗੱਠਜੋੜ ਦੀਆਂ ਟਿਕਟਾਂ ਦਾ ਐਲਾਨ ਕਰਨ ਕਾਰਨ ‘ਆਪ’ ਦੀ ਲੀਡਰਸ਼ਿਪ ਵਿਚ ਵੀ ਘਬਰਾਹਟ ਦੀ ਸਥਿਤੀ ਬਣੀ ਪਈ ਹੈ ਪ੍ਰਿੰਸੀਪਲ ਬੁੱਧ ਰਾਮ ਅਤੇ ਅੱਜ ਵੀ ਇਸ ਪਾਰਟੀ ਦੇ ਕੁਝ ਆਗੁੂਆਂ ਨੇ ਅਕਾਲੀ ਦਲ ਟਕਸਾਲੀ ਦੇ ਕੁਝ ਆਗੂਆਂ ਨਾਲ ਸੰਪਰਕ ਕਰਕੇ ਗੱਠਜੋੜ ਕਰਨ ਦਾ ਰਾਹ ਕੱਢਣ ਦੀਆਂ ਨਵੀਆਂ ਤਜਵੀਜ਼ਾਂ ਦਿੱਤੀਆਂ ਹਨ। ‘ਆਪ’ ਟਕਸਾਲੀਆਂ ਲਈ ਲੋਕ ਸਭਾ ਹਲਕਾ ਬਠਿੰਡਾ ਦੀ ਸੀਟ ਛੱਡਣ ਲਈ ਤਿਆਰ ਹੈ। ‘ਆਪ’ ਦੀ ਲੀਡਰਸ਼ਿਪ ਨੇ ਪੇਸ਼ਕਸ਼ ਕੀਤੀ ਹੈ ਕਿ ਲੋਕ ਸਭਾ ਹਲਕਾ ਬਠਿੰਡਾ ਵਿਚ ਉਨ੍ਹਾਂ ਦੇ 5 ਵਿਧਾਇਕ ਹਨ ਜਿਨ੍ਹਾਂ ਵਿਚੋਂ ਪ੍ਰਿੰਸੀਪਲ ਬੁੱਧ ਰਾਮ, ਪ੍ਰੋ. ਬਲਜਿੰਦਰ ਕੌਰ ਤੇ ਰੁਪਿੰਦਰ ਕੌਰ ਰੂੁਬੀ ਤਾਂ ਪਾਰਟੀ ਨਾਲ ਹੀ ਹਨ ਜਦਕਿ ਨਾਜ਼ਰ ਸਿੰਘ ਮਾਨਸ਼ਾਹੀਆ ਤੇ ਜਗਦੇਵ ਸਿੰਘ ਕਮਾਲੂ ਬਾਗੀ ਚੱਲ ਰਹੇ ਹਨ। ਵਿਧਾਨ ਸਭਾ ਹਲਕਾ ਭੁੱਚੋ ਵਿਚੋਂ ਵੀ ‘ਆਪ’ ਦੇ ਉਮੀਦਵਾਰ ਮਾਸਟਰ ਜਗਸੀਰ ਸਿੰਘ ਥੋੜ੍ਹੀਆਂ ਵੋਟਾਂ ਨਾਲ ਹੀ ਹਾਰੇ ਸਨ। ਟਕਸਾਲੀ ਦਲ ਦੇ ਕੁਝ ਆਗੂ ਵੀ ‘ਆਪ’ ਦੀ ਇਸ ਤਜਵੀਜ਼ ਨਾਲ ਸਹਿਮਤ ਹਨ ਪਰ ਪਾਰਟੀ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦਾ ਪੁਰਾਣਾ ਸਟੈਂਡ ਕਾਇਮ ਹੈ। ਦੂਸਰੇ ਪਾਸੇ ‘ਆਪ’ ਲੰਮਾਂ ਸਮਾਂ ਪਹਿਲਾਂ ਹੀ ਆਨੰਦਪੁਰ ਸਾਹਿਬ ਤੋਂ ਨਰਿੰਦਰ ਸ਼ੇਰਗਿੱਲ ਨੂੰ ਆਪਣਾ ਉਮੀਦਵਾਰ ਐਲਾਨ ਚੁੱਕੀ ਹੈ, ਉਹ ਵੀ ਲੰਮੀ ਚੋਣ ਮੁਹਿੰਮ ਚਲਾ ਚੁੱਕੇ ਹਨ, ਜਿਸ ਕਾਰਨ ਪਾਰਟੀ ਉਨ੍ਹਾਂ ਕੋਲੋਂ ਟਿਕਟ ਵਾਪਸ ਲੈਣ ਤੋਂ ਝਿਜਕ ਰਹੀ ਹੈ। ‘ਆਪ’ ਪੰਜਾਬ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਜੇ ਟਕਸਾਲੀਆਂ ਨਾਲ ਸਮਝੌਤਾ ਨਾ ਹੋਇਆ ਤਾਂ ਪਾਰਟੀ ਆਪਣੇ ਬਲਬੂਤੇ ’ਤੇ ਹੀ ਸਾਰੀਆਂ 13 ਸੀਟਾਂ ਉਪਰ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਇਸ ਵੇਲੇ ਪਾਰਟੀ ਟਕਸਾਲੀਆਂ ਨਾਲ ਸਮਝੌਤੇ ਲਈ ਆਨੰਦਪੁਰ ਸਾਹਿਬ ਦੇ ਉਮੀਦਵਾਰ ਸ੍ਰੀ ਸ਼ੇਰਗਿਲ ਤੋਂ ਟਿਕਟ ਵਾਪਸ ਲੈਣ ਦੇ ਹੱਕ ਵਿਚ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਆਪਣੇ 5 ਉਮੀਦਵਾਰ ਪਹਿਲਾਂ ਹੀ ਐਲਾਨ ਚੁੱਕੀ ਹੈ ਅਤੇ ਬਾਕੀ 8 ਉਮੀਦਵਾਰਾਂ ਦੀ ਵੀ ਕੋਰ ਕਮੇਟੀ ਨੇ ਚੋਣ ਕਰ ਲਈ ਹੈ। ਹੁਣ ਕੇਵਲ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦੀ ਪ੍ਰਵਾਨਗੀ ਲੈਣੀ ਹੀ ਬਾਕੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਪਾਰਟੀ ਦੇ ਕਿਸੇ ਵੀ ਵਿਧਾਇਕ ਨੂੰ ਚੋਣ ਨਹੀਂ ਲੜਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਹਰੇਕ ਹਲਕੇ ਵਿਚ ਦੋ ਦੋ ਰੈਲੀਆਂ ਨੂੰ ਸੰਬੋਧਨ ਕਰਨਗੇ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਬੀਰਦਵਿੰਦਰ ਸਿੰਘ ਨੇ ਸਾਫ ਕੀਤਾ ਕਿ ਉਹ ਆਨੰਦਪੁਰ ਸਾਹਿਬ ਹਲਕੇ ਨੂੰ ਕਿਸੇ ਵੀ ਕੀਮਤ ’ਤੇ ਨਹੀਂ ਛੱਡਣਗੇ।