Arash Info Corporation

ਸ਼ਰਾਬ ਦਾ ਕੋਟਾ ਵਧਾਉਣਾ ਘਾਤਕ ਸਿੱਧ ਹੋਵੇਗਾ: ਚੀਮਾ

04

March

2019

ਚੰਡੀਗੜ੍ਹ, ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੈਪਟਨ ਸਰਕਾਰ ਦੇ ਮੰਤਰੀ ਮੰਡਲ ਵੱਲੋਂ ਵਿੱਤੀ ਸਾਲ 2019-20 ਲਈ ਐਲਾਨੀ ਨਵੀਂ ਆਬਕਾਰੀ ਨੀਤੀ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਨਵੀਂ ਨੀਤੀ ’ਚ ਪੁਰਾਣੀ ਪਹੁੰਚ ਹੀ ਅਪਣਾਈ ਗਈ ਹੈ। ਸੂਬੇ ’ਚ ਸ਼ਰਾਬ ਮਾਫ਼ੀਆ ਨੂੰ ਨੱਥ ਪਾਉਣ ਅਤੇ ਸ਼ਰਾਬ ਦੇ ਰੁਝਾਨ ਨੂੰ ਰੋਕਣ ਲਈ ਸਰਕਾਰ ਸੁਹਿਰਦ ਨਹੀਂ। ਸ੍ਰੀ ਚੀਮਾ ਨੇ ਕਿਹਾ ਕਿ ਨਵੀਂ ਆਬਕਾਰੀ ਨੀਤੀ ਲਈ ਚਾਲੂ ਵਰ੍ਹੇ ’ਚ 5462 ਕਰੋੜ ਰੁਪਏ ਦੀ ਸੰਭਾਵੀ ਉਗਰਾਹੀ ਦੇ ਮੁਕਾਬਲੇ 6201 ਕਰੋੜ ਰੁਪਏ ਦਾ ਟੀਚਾ ਮਿਥਿਆ ਗਿਆ ਹੈ। ਇਸ 739 ਕਰੋੜ ਰੁਪਏ ਦੇ ਵਾਧੂ ਟੀਚੇ ਦੀ ਪੂਰਤੀ ਲਈ ਸਰਕਾਰ ਨੇ ਜਿੱਥੇ ਸ਼ਰਾਬ ਅਤੇ ਬੀਅਰ ਦੇ ਕੋਟੇ ’ਚ 10 ਫੀਸਦ ਤੋਂ ਲੈ ਕੇ 16 ਫੀਸਦ ਦਾ ਵਾਧਾ ਕਰਕੇ ਸੂਬੇ ਅੰਦਰ ਸ਼ਰਾਬ ਦਾ ਹੜ੍ਹ ਲਿਆਉਣ ’ਚ ਕੋਈ ਕਸਰ ਨਹੀਂ ਛੱਡੀ, ਉੱਥੇ ਸ਼ਰਾਬ ਮਹਿੰਗੀ ਕਰਨ ਦੇ ਇਰਾਦੇ ਵੀ ਸਪਸ਼ਟ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬੀਅਰ ਤੇ ਦੇਸੀ ਸ਼ਰਾਬ ਦਾ ਕੋਟਾ ਵਧਾ ਕੇ ਸਰਕਾਰ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸਰਕਾਰ ਦੀ ਨੀਅਤ ਸ਼ਰਾਬ ਛੁਡਾਉਣ ਜਾਂ ਘਟਾਉਣ ਦੀ ਨਹੀਂ ਸਗੋਂ ਵਧਾਉਣ ਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਸਿਆਸਤਦਾਨਾਂ ਅਤੇ ਅਫ਼ਸਰਾਂ ਦੀ ਮਿਲੀਭੁਗਤ ਨਾਲ ਸ਼ਰਾਬ ਮਾਫ਼ੀਆ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਹੈ ਤੇ ਇਹ ਮਾਫੀਆ ਸਰਕਾਰੀ ਖ਼ਜ਼ਾਨੇ ਨੂੰ ਪ੍ਰਤੀ ਸਾਲ 3000 ਕਰੋੜ ਦਾ ਚੂਨਾ ਲਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖਪਤਕਾਰਾਂ ਨੂੰ ਬਾਹਰੀ ਰਾਜਾਂ ਤੇ ਸ਼ਰਾਬ ਫ਼ੈਕਟਰੀਆਂ ’ਚੋਂ ਦੋ ਨੰਬਰ ’ਚ ਸਮਗਲਿੰਗ ਹੋ ਕੇ ਆ ਰਹੀ ਘਟੀਆ ਸ਼ਰਾਬ ਪਿਲਾਈ ਜਾ ਰਹੀ ਹੈ। ਆਵਾਰਾ ਕੁੱਤਿਆਂ ਦਾ ਕਹਿਰ ਰੋਕਣ ਤੋਂ ਸਰਕਾਰ ਫੇਲ੍ਹ: ਸੰਧਵਾਂ ਆਮ ਆਦਮੀ ਪਾਰਟੀ ਨੇ ਅਬੋਹਰ ਦੇ ਪਿੰਡ ਸ਼ੇਰਗੜ੍ਹ ’ਚ ਇੱਕ ਗ਼ਰੀਬ ਪਰਿਵਾਰ ਦੇ ਤਿੰਨ ਸਾਲਾ ਬੱਚੇ ਨੂੰ ਕੱਤਿਆਂ ਵੱਲੋਂ ਨੋਚ ਕੇ ਖਾਣ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਵਿਜੈ ਸਾਂਪਲਾ ਦੀ ਨਿਖੇਧੀ ਕੀਤੀ ਹੈ। ਕੋਟਕਪੂਰਾ ਤੋਂ ਵਿਧਾਇਕ ਤੇ ‘ਆਪ’ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਆਵਾਰਾ ਕੁੱਤਿਆਂ ਅਤੇ ਲਾਵਾਰਸ ਪਸ਼ੂਆਂ ਕਾਰਨ ਲਗਾਤਾਰ ਵਾਪਰ ਰਹੀਆਂ ਖੌਫਨਾਕ ਘਟਨਾਵਾਂ ਦਾ ਸੂਬਾ ਅਤੇ ਕੇਂਦਰ ਸਰਕਾਰ ’ਤੇ ਕੋਈ ਅਸਰ ਹੀ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਘਟਣ ਦੀ ਥਾਂ ਵਧਦੀ ਹੀ ਜਾ ਰਹੀ ਹੈ ਜਦਕਿ ਇਸ ਲਈ ਲੋਕਾਂ ਤੋਂ ਟੈਕਸ ਵੀ ਵਸੂਲਿਆ ਜਾ ਰਿਹਾ ਹੈ।