ਗੁਲ ਪਨਾਗ ਨੇ ਕਿਰਨ ਖੇਰ ਦੇ ਗਾਏ ਸੋਹਲੇ; ਕੇਜਰੀਵਾਲ ਨੂੰ ਝੁਠਲਾਇਆ

26

February

2019

ਚੰਡੀਗੜ੍ਹ, 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ (ਆਪ) ਦੀ ਟਿੱਕਟ ’ਤੇ ਚੰਡੀਗੜ੍ਹ ਤੋਂ ਚੋਣ ਲੜਨ ਵਾਲੀ ਮਾਡਲ ਸੁੰਦਰੀ ਗੁਲ ਪਨਾਗ ਨੇ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕੱਲ੍ਹ ਰੈਲੀ ’ਚ ਦਿੱਤੇ ਬਿਆਨ ਦੇ ਉਲਟ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਮੈਂਬਰ ਕਿਰਨ ਖੇਰ ਦੇ ਗੁਣਗਾਣ ਕਰਕੇ ਨਵੀਂ ਚਰਚਾ ਛੇੜ ਦਿੱਤੀ ਹੈ। ਜਿਸ ਕਾਰਨ ਚੰਡੀਗੜ੍ਹ ਦੇ ਸਿਆਸੀ ਪਿੜ ’ਚ ਨਵੇਂ ਸਮੀਕਰਨ ਬਣ ਦੇ ਆਸਾਰ ਬਣ ਗਏ ਹਨ। ਦੱਸਣਯੋਗ ਹੈ ਕਿ ਕੱਲ੍ਹ ਸ੍ਰੀ ਕੇਜਰੀਵਾਲ ਨੇ ਆਪਣੀ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਦੇ ਹੱਕ ’ਚ ਹੋਈ ਰੈਲੀ ’ਚ ਕਿਹਾ ਸੀ ਕਿ ਕਿਰਨ ਖੇਰ ਇਕ ਫਿਲਮੀ ਅਭਿਨੇਤਰੀ ਹੈ ਤੇ ਉਸ ਦਾ ਕੰਮ ਕੇਵਲ ਪੈਸੇ ਕਮਾਉਣਾ ਹੈ। ਉਨ੍ਹਾਂ ਕਿਹਾ ਸੀ ਕਿ ਕਿਰਨ ਖੇਰ ਚੰਡੀਗੜ੍ਹ ਦੀ ਥਾਂ ਮੁੰਬਈ ਰਹਿੰਦੀ ਹੈ ਤੇ ਜਿਥੇ ਉਹ ਲੋਕਾਂ ਨੂੰ ਮਿਲਦੀ ਨਹੀਂ ਉਥੇ ਪਾਰਲੀਮੈਂਟ ’ਚ ਵੀ ਘੱਟ ਹੀ ਜਾਂਦੀ ਹੈ। ਦੂਸਰੇ ਪਾਸੇ 2014 ’ਚ ‘ਆਪ’ ਦੀ ਟਿਕਟ ’ਤੇ ਚੋਣ ਨੜ ਕੇ ਤੇ ਸ੍ਰੀ ਕੇਜਰੀਵਾਲ ਦੇ ਗੁਣਗਾਣ ਕਰਕੇ ਹੈਰਾਨੀਜ਼ਨਕ ਢੰਗ ਨਾਲ 1.08 ਲੱਖ ਵੋਟਾਂ ਲੈ ਕੇ ਤੀਸਰੇ ਨੰਬਰ ’ਤੇ ਰਹਿਣ ਵਾਲੀ ਗੁਲ ਪਨਾਗ ਨੇ ਅੱਜ ਇਸੇ ਆਗੂ ਨੂੰ ਗਲਤ ਕਰਾਰ ਦੇ ਕੇ ਜਿਸ ਹੱਥੋਂ ਉਹ ਹਾਰੀ (ਕਿਰਨ ਖੇਰ), ਉਸੇ ਦੇ ਗੁਣਗਾਣ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਗੁਲ ਪਨਾਗ ਨੇ ਅੱਜ ਟਵੀਟ ਕਰਕੇ ਕਿਹਾ ਕਿ ਇਹ ਸੱਚ ਹੈ ਕਿ ਕਿਰਨ ਖੇਰ ਇਕ ਫਿਲਮੀ ਅਭਿਨੇਤਰੀ ਹੈ ਪਰ ਇਸ ਦੇ ਬਾਵਜੂਦ ਉਹ ਇਕ ਜ਼ਿੰਮੇਵਾਰ ਸੰਸਦ ਮੈਂਬਰ ਵੀ ਸਾਬਤ ਹੋਈ ਹੈ। ਪਨਾਗ ਨੇ ਕਿਹਾ ਕਿ ਕਿਰਨ ਖੇਰ ਦੀ ਪਾਰਲੀਮੈਂਟ ’ਚ ਹਾਜ਼ਰੀ ਵੀ 75 ਫੀਸਦ ਤੋਂ ਵੱਧ ਹੈ ਤੇ ਉਹ ਜਿਆਦਤਰ ਚੰਡੀਗੜ੍ਹ ’ਚ ਹੀ ਰਹਿੰਦੀ ਹੈ। ਉਸ ਨੇ ਕਿਹਾ ਕਿ ਫਿਲਮ ਉਦਯੋਗ ਨਾਲ ਜੁੜੇ ਕਈ ਕਲਾਕਾਰ ਬੜੇ ਸਮਰੱਥ ਸਾਂਸਦ ਸਾਬਤ ਹੋਏ ਹਨ ਤੇ ਉਨ੍ਹਾਂ ’ਚੋਂ ਇਕ ਕਿਰਨ ਖੇਰ ਵੀ ਹੈ। ਪਨਾਗ ਦੇ ਇਸ ਬਿਆਨ ਮਗਰੋਂ ਚਰਚਾ ਛਿੜ ਗਈ ਸੀ ਕਿ ਉਹ ਭਾਜਪਾ ’ਚ ਸ਼ਾਮਲ ਹੋ ਸਕਦੀ ਹੈ। ਇਸ ਚਰਚਾ ’ਤੇ ਰੋਕ ਲਾਉਂਦਿਆਂ ਗੁਲ ਪਨਾਗ ਨੇ ਕਿਹਾ ਕਿ ਉਸ ਦੀ ਭਾਜਪਾ ’ਚ ਸ਼ਾਮਲ ਹੋਣ ਦੀ ਕੋਈ ਯੋਜਨਾ ਨਹੀਂ। ਇਸ ਬਿਆਨ ਤੋਂ ਗੱਦਗੱਦ ਹੋਈ ਕਿਰਨ ਖੇਰ ਨੇ ਕਿਹਾ ਕਿ 5 ਸਾਲ ਪਹਿਲਾਂ ਉਸ ਵਿਰੁੱਧ ਚੋਣ ਲੜਨ ਵਾਲੀ ਗੁੱਲ ਪਨਾਗ ਨੇ ਸਾਰਿਆਂ ਸਾਹਮਣੇ ਸੱਚ ਲਿਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਲੀਮੈਂਟ ’ਚ ਉਸ ਦੀ ਹਾਜ਼ਰੀ 85 ਫੀਸਦ ਤੋਂ ਵੱਧ ਹੈ ਤੇ ਇਸ ਦਾ ਸ੍ਰੀ ਕੇਜਰੀਵਾਲ ਪਤਾ ਕਰ ਸਕਦੇ ਹਨ। ਸੰਸਦ ਮੈਂਬਰ ਨੇ ਕਿਹਾ ਕਿ ਸੰਸਦ ਮੈਂਬਰ ਭਗਵੰਤ ਮਾਨ ਦੀ ਪਾਰਲੀਮੈਂਟ ’ਚ ਹਾਜ਼ਰੀ ਮਹਿਜ਼ 56 ਫੀਸਦ ਹੈ ਜੋ ਕੌਮੀ ਔਸਤ ਤੋਂ ਵੀ ਘੱਟ ਹੈ। ਕੱਲ੍ਹ ਸ੍ਰੀ ਕੇਜਰੀਵਾਲ ਜਦੋਂ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਸ ਵੇਲੇ ਕੋਲ ਖੜੇ ਸ੍ਰੀ ਮਾਨ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਕਿਰਨ ਖੇਰ ਪਾਰਲੀਮੈਂਟ ਵਿੱਚ ਘੱਟ ਹੀ ਆਉਂਦੀ ਹੈ। ਇਸ ਮੌਕੇ ਕਿਰਨ ਖੇਰ ਨੇ ਆਪਣੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਉਹ ਹਮੇਸ਼ਾ ਚੰਡੀਗੜ੍ਹ ਹੀ ਰਹਿੰਦੀ ਹੈ ਤੇ ਹੋਰ ਲੀਡਰਾਂ ਵਾਂਗ ਉਸ ਨੇ ਆਪਣੇ ਵਪਾਰਾਂ ’ਚ ਵਾਧਾ ਨਹੀਂ ਕੀਤਾ ਸਗੋਂ ਸ਼ਹਿਰ ਦਾ ਵਿਕਾਸ ਕੀਤਾ ਹੈ।